ਰੂਪਨਗਰ, 17 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਅਕਾਲੀ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਪਾਵਰ ਕਲੋਨੀ ਵਿਚ ਕੁੱਝ ਸਮਾ ਪਹਿਲਾਂ ਬਣਾਈਆਂ ਲੁੱਕ ਦੀਆਂ ਸੜਕਾਂ ਵਿਚ ਘਟੀਆ ਮੈਟੀਰੀਅਲ ਵਰਤਣ ਦੇ ਦੋਸ਼ ਲਗਾਏ ਹਨ | ਸ: ਮੱਕੜ ਅਤੇ ਸ਼ਹਿਰ ਦੇ ਵਾਰਡ ਨੰਬਰ 5 ਤੋਂ ਅਕਾਲੀ ਕੌਂਸਲਰ ਅਤੇ ਸ: ਮੱਕੜ ਦੀ ਧਰਮ ਪਤਨੀ ਇਕਬਾਲ ਕੌਰ ਨੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਚੀਫ਼ ਇੰਜੀਨੀਅਰ ਨੂੰ ਇੱਕ ਲਿਖਤੀ ਦਰਖ਼ਾਸਤ ਦੇ ਕੇ ਮੰਗ ਕੀਤੀ ਹੈ ਕੇ ਕੁੱਝ ਸਮਾਂ ਪਹਿਲਾਂ ਬਣਾਈਆਂ ਗਈਆਂ ਸੜਕਾਂ ਵਿਚ ਵਰਤੇ ਗਏ ਮੈਟੀਰੀਅਲ ਦੀ ਜਾਂਚ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਇਹਨਾਂ ਸੜਕਾਂ ਨੂੰ ਬਣਾਇਆਂ ਹਲੇ ਬਹੁਤ ਹੀ ਘੱਟ ਸਮਾ ਹੋਇਆ ਹੈ ਪਰ ਇਹ ਸੜਕਾਂ ਬੁਰੀ ਤਰਾਂ ਖਿੱਲਰ ਗਈਆਂ ਹਨ | ਓਹਨਾ ਮੰਗ ਕੀਤੀ ਕਿ ਇਹ ਕੰਮ ਕਰਨ ਵਾਲੇ ਠੇਕੇਦਾਰ ਦੀ ਪੇਮੈਂਟ ਰੋਕੀ ਜਾਵੇ ਅਤੇ ਇਹ ਸੜਕਾਂ ਦਾ ਕੰਮ ਦੁਬਾਰਾ ਕਰਵਾਇਆ ਜਾਵੇ |