ਪੁਰਖਾਲੀ, 29 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਬੀਤੇ ਦਿਨੀਂ ਆਏ ਤੇਜ਼ ਤੁਫ਼ਾਨ ਅਤੇ ਮੀਂਹ ਕਾਰਨ ਪਿੰਡ ਸੁਲਤਾਨਪੁਰ ਵਿਖੇ ਪੋਲਟਰੀ ਫਾਰਮ ਦੀ ਇਮਾਰਤ ਡਿੱਗਣ ਕਾਰਨ ਪੋਲਟਰੀ ਫਾਰਮ ਮਾਲਕ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ | ਇਸ ਸਬੰਧੀ ਪੋਲਟਰੀ ਫਾਰਮ ਐੱਸ. ਐੱਸ. ਅਲਾਈਟ ਐਗਰੋ ਫਾਰਮ ਦੇ ਮਾਲਕ ਤੁਸ਼ਾਰ ਗਰਗ ਨੇ ਦੱਸਿਆ ਕਿ ਬੀਤੇ ਦਿਨੀ ਆਏ ਤੇਜ਼ ਤੂਫ਼ਾਨ ਅਤੇ ਮੀਂਹ ਕਾਰਨ ਉਨ੍ਹਾਂ ਦੇ ਪੋਲਟਰੀ ਫਾਰਮ ਦੀ ਇਮਾਰਤ ਢਹਿ ਢੇਰੀ ਹੋ ਗਈ | ਉਨ੍ਹਾਂ ਨੇ ਦੱਸਿਆ ਕਿ ਤੂਫ਼ਾਨ ਅਤੇ ਪਏ ਮੀਂਹ ਕਾਰਨ ਪੋਲਟਰੀ ਫਾਰਮ ਦੇ ਪਿੱਲਰ ਬੈਠ ਗਏ ਜਿਸ ਕਾਰਨ ਪੋਲਟਰੀ ਫਾਰਮ ਦੀ ਛੱਤ ਵੀ ਡਿਗ ਗਈ | ਉਨ੍ਹਾਂ ਦੱਸਿਆ ਕਿ ਪੋਲਟਰੀ ਫਾਰਮ ਦੀ ਛੱਤ ਡਿੱਗਣ ਕਾਰਨ 40 ਹਜ਼ਾਰ ਦੇ ਕਰੀਬ ਮੁਰਗ਼ੀਆਂ ਮਰ ਗਈਆਂ, ਜਿਸ ਨਾਲ ਉਨ੍ਹਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਪੁੱਜ ਗਿਆ | ਉਨ੍ਹਾਂ ਦੱਸਿਆ ਕਿ ਉਹ ਹੌਲੀ ਹੌਲੀ ਕਰਕੇ ਪੋਲਟਰੀ ਫਾਰਮ ਦਾ ਮਲਬਾ ਉਠਾਉਣ ਲੱਗੇ ਹੋਏ ਹਨ ਅਤੇ ਮਰੀਆਂ ਮੁਰਗ਼ੀਆਂ ਨੂੰ ਬਾਹਰ ਕੱਢ ਕੇ ਦਫ਼ਨਾਉਣ ਲੱਗੇ ਹੋਏ ਹਨ |