ਮੋਰਿੰਡਾ, 20 ਜਨਵਰੀ (ਪਿ੍ਤਪਾਲ ਸਿੰਘ)-ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਦੀ ਇਕ ਵਿਸ਼ੇਸ਼ ਟੀਮ ਨੇ ਐਸ.ਡੀ.ਓ ਸ਼ੁਭਮ ਰਾਇ ਦੀ ਅਗਵਾਈ ਹੇਠ ਮੋਰਿੰਡਾ ਦੀ ਮੁੱਖ ਮਾਰਕੀਟ ਵਿਚ ਵੱਖ-ਵੱਖ ਦੁਕਾਨਾਂ 'ਤੇ ਅਚਾਨਕ ਚੈਕਿੰਗ ਕੀਤੀ ਗਈ | ਇਸ ਚੈਕਿੰਗ ਅਭਿਆਨ ਦੌਰਾਨ ਖ਼ਾਸ ਤੌਰ 'ਤੇ ਪਤੰਗ ਅਤੇ ਪਤੰਗ ਡੋਰ ਵੇਚਣ ਵਾਲੇ ਦੁਕਾਨਦਾਰਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ | ਟੀਮ ਵਿਚ ਗੁਰਸ਼ਰਨ ਸਿੰਘ, ਗੁਰਲਾਲ ਸਿੰਘ (ਸੁਪਰਵਾਈਜ਼ਰ), ਯਸ਼ਪਾਲ ਮਹਿਤਾ (ਸੁਪਰਵਾਈਜ਼ਰ) ਅਤੇ ਆਮਿਰ ਹਸਨ ਸ਼ਾਮਲ ਸਨ | ਕਿਸੇ ਵੀ ਅਣਚਾਹੀ ਘਟਨਾ ਤੋਂ ਨਜਿੱਠਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਮੋਰਿੰਡਾ ਪੁਲਿਸ ਦੀ ਟੀਮ ਵੀ ਮੌਕੇ 'ਤੇ ਹਾਜ਼ਰ ਰਹੀ | ਚੈਕਿੰਗ ਦੌਰਾਨ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਟੀਮ ਨੂੰ ਕਿਸੇ ਵੀ ਦੁਕਾਨ ਤੋਂ ਚਾਈਨਾ ਡੋਰ ਜਾਂ ਹੋਰ ਕੋਈ ਪਾਬੰਦੀ ਸ਼ੁਦਾ ਸਮਗਰੀ ਬਰਾਮਦ ਨਹੀਂ ਹੋਈ | ਹਾਲਾਂਕਿ, ਜਿਹੜੇ ਦੁਕਾਨਦਾਰ ਪਤੰਗ ਡੋਰ ਦੀ ਵਿੱਕਰੀ ਕਰ ਰਹੇ ਸਨ, ਉਨ੍ਹਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਗਿਆ ਕਿ ਭਵਿੱਖ ਵਿਚ ਕਿਸੇ ਵੀ ਸਥਿਤੀ ਵਿਚ ਚਾਈਨਾ ਡੋਰ ਨਾ ਵੇਚੀ ਜਾਵੇ | ਅਧਿਕਾਰੀਆਂ ਨੇ ਦੱਸਿਆ ਕਿ ਚਾਈਨਾ ਡੋਰ ਨਾ ਸਿਰਫ਼ ਵਾਤਾਵਰਣ ਲਈ ਨੁਕਸਾਨਦਾਇਕ ਹੈ, ਸਗੋਂ ਇਸ ਨਾਲ ਪੰਛੀਆਂ, ਦੋ ਪਹੀਆ ਵਾਹਨ ਚਾਲਕਾਂ ਅਤੇ ਆਮ ਨਾਗਰਿਕਾਂ ਦੀ ਜਾਨ ਨੂੰ ਵੀ ਭਾਰੀ ਖ਼ਤਰਾ ਬਣਦਾ ਹੈ | ਐਸ.ਡੀ.ਓ ਸ਼ੁਭਮ ਰਾਇ ਨੇ ਦੁਕਾਨਦਾਰਾਂ ਨੂੰ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਵਲੋਂ ਚਾਈਨਾ ਡੋਰ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ ਅਤੇ ਇਸ ਸਬੰਧੀ ਕੋਈ ਵੀ ਸ਼ਿਕਾਇਤ ਮਿਲਣ 'ਤੇ ਸੰਬੰਧਿਤ ਦੁਕਾਨਦਾਰ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ |