ਛੋਟੇ ਦੁਕਾਨਦਾਰ ਤੇ ਰੇਹੜੀ ਵਾਲਿਆਂ ਦੇ ਅੱਡੇ ਮਹਿੰਗੇ ਹੋਣ ਕਾਰਨ ਦੁਕਾਨਦਾਰ ਪ੍ਰੇਸ਼ਾਨ
ਬੋਹਾ, 4 ਅਕਤੂਬਰ (ਰਮੇਸ਼ ਤਾਂਗੜੀ)- ਸਥਾਨਕ ਕਸਬੇ ’ਚ ਕੋਈ ਪੱਕਾ ਬੱਸ ਅੱਡਾ ਨਾ ਹੋਣ ਕਾਰਨ ਬੁਢਲਾਡਾ, ਰਤੀਆ, ਝੁਨੀਰ, ਬਰੇਟਾ ਅਤੇ ਹੋਰ ਸ਼ਹਿਰਾਂ ਤੋਂ ਆਉਣ ਵਾਲੀਆਂ ਬੱਸਾਂ ਸੜਕ ’ਤੇ ਹੀ ਰੁਕਦੀਆਂ ਹਨ। ਦੂਜੇ ਪਾਸੇ ਸੜਕ ਕੰਢੇ ਵਧੇਰੇ ਲੋਕਾਂ ਨੇ ਦੁਕਾਨਾਂ ਕਿਰਾਏ ’ਤੇ ਲਈਆਂ ਹੋਈਆਂ ਹਨ।
ਬੋਹਾ, 4 ਅਕਤੂਬਰ (ਰਮੇਸ਼ ਤਾਂਗੜੀ)- ਸਥਾਨਕ ਕਸਬੇ ’ਚ ਕੋਈ ਪੱਕਾ ਬੱਸ ਅੱਡਾ ਨਾ ਹੋਣ ਕਾਰਨ ਬੁਢਲਾਡਾ, ਰਤੀਆ, ਝੁਨੀਰ, ਬਰੇਟਾ ਅਤੇ ਹੋਰ ਸ਼ਹਿਰਾਂ ਤੋਂ ਆਉਣ ਵਾਲੀਆਂ ਬੱਸਾਂ ਸੜਕ ’ਤੇ ਹੀ ਰੁਕਦੀਆਂ ਹਨ। ਦੂਜੇ ਪਾਸੇ ਸੜਕ ਕੰਢੇ ਵਧੇਰੇ ਲੋਕਾਂ ਨੇ ਦੁਕਾਨਾਂ ਕਿਰਾਏ ’ਤੇ ਲਈਆਂ ਹੋਈਆਂ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰ ਸਾਲ ਨਵੇਂ ਸਿਰੇ ਤੋਂ ਦੁਕਾਨ ਕਿਰਾਏ ’ਤੇ ਲੈਣੀਆਂ ਪੈਂਦੀਆਂ ਹਨ। ਇਸ ਦੌਰਾਨ ਉਨ੍ਹਾਂ ਦਾ ਕਿਰਾਇਆ ਵਧਾਇਆ ਜਾਂਦਾ ਹੈ ਅਤੇ ਇਨ੍ਹਾਂ ਛੋਟੀਆਂ-ਛੋਟੀਆਂ ਦੁਕਾਨਾਂ ਲਈ ਸਾਲ ਦਾ 50 ਤੋਂ 80 ਹਜ਼ਾਰ ਰੁਪਏ ਤੱਕ ਭਰਨਾ ਪੈਂਦਾ ਹੈ। ਖ਼ਾਸ ਕਰ ਕੇ ਬੱਸ ਅੱਡਾ ਮਾਰਕਿਟ ਕੋਲ ਜਿੱਥੇ ਬੱਸਾਂ ਰੁਕਦੀਆਂ ਹਨ, ਉੱਥੇ ਦੁਕਾਨਾਂ ਦਾ ਕਿਰਾਇਆ ਕਾਫ਼ੀ ਜ਼ਿਆਦਾ ਵੱਧ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਲ ਦਾ ਕਿਰਾਇਆ ਵੀ ਐਡਵਾਂਸ ਭਰਨਾ ਪੈਂਦਾ ਹੈ। ਵੱਧ ਕਿਰਾਇਆ ਭਰਨ ਮਗਰੋਂ ਦੁਕਾਨਦਾਰ ਆਪਣਾ ਕਿਰਾਏ ਘਟਾਉਣ ਲਈ ਸਬਜ਼ੀ, ਫਰੂਟ ਆਦਿ ਦੀਆਂ ਰੇਹੜੀਆਂ ਅਤੇ ਮੋਚੀ ਸਮੇਤ ਹੋਰ ਛੋਟੇ ਕੰਮਾਂ ਵਾਲਿਆਂ ਨੂੰ ਅੱਗੇ ਕਿਰਾਏ ’ਤੇ ਦੇ ਦਿੰਦੇ ਹਨ। ਇਨ੍ਹਾਂ ਛੋਟੇ ਦੁਕਾਨਦਾਰਾਂ ਨੂੰ ਵੀ ਦੂਜੀਆਂ ਦੁਕਾਨਾਂ ਅੱਗੇ ਅੱਡਾ ਲਗਾਉਣ ਲਈ 4500 ਤੋਂ 6500 ਰੁਪਏ ਪ੍ਰਤੀ ਮਹੀਨਾ ਕਿਰਾਇਆ ਭਰਨਾ ਪੈਂਦਾ ਹੈ। ਇਸ ਤਰ੍ਹਾਂ ਮਹਿੰਗੇ ਕਿਰਾਏ ’ਤੇ ਅੱਡੇ ਲੈਣ ਅਤੇ ਰੇਹੜੀਆਂ ਵਾਲੇ ਨਿੱਤ ਰੋਜ਼ ਦੇ ਕਿਰਾਏ ਵਧਣ ਤੋਂ ਤੰਗ ਆ ਚੁੱਕੇ ਹਨ। ਸਥਾਨਕ ਬੱਸ ਅੱਡੇ ਨੇੜੇ 50 ਸਾਲਾਂ ਤੋਂ ਮੋਚੀ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਜਿਸ ਦੁਕਾਨ ਅੱਗੇ ਉਹ 4500 ਰੁਪਏ ਪ੍ਰਤੀ ਮਹੀਨਾ ਕਿਰਾਇਆ ਭਰਦਾ ਸੀ, ਉਸ ਦੇ ਮਾਲਕ ਨੇ ਕਿਧਰੇ ਹੋਰ ਦੁਕਾਨ ਖ਼ਰੀਦ ਲਈ ਹੈ, ਜਿਸ ਕਾਰਨ ਉਸ ਨੂੰ ਆਪਣਾ ਅੱਡਾ ਛੱਡਣਾ ਪਿਆ ਹੈ। ਛੋਟੇ ਦੁਕਾਨਦਾਰਾਂ ਦੀ ਮੰਗ ਹੈ ਕਿ ਬੱਸ ਅੱਡੇ ਨੇੜੇ ਛੋਟੇ ਅੱਡਿਆਂ ਦੇ ਰੇਟ ਨਿਸ਼ਚਿਤ ਕੀਤੇ ਜਾਣ ਤਾਂ ਜੋ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਠੀਕ ਢੰਗ ਨਾਲ ਚੱਲ ਸਕੇ।