ਬਰੇਟਾ, 29 ਜਨਵਰੀ (ਪਾਲ ਸਿੰਘ ਮੰਡੇਰ)- ਮਾਨਸਾ ਜ਼ਿਲ੍ਹਾ ਹੈੱਡ ਕੁਆਰਟਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਜ਼ਿਲ੍ਹਾ ਕਮੇਟੀ ਦੇ ਸੱਦੇ 'ਤੇ ਲਗਾਏ ਜਾ ਰਹੇ ਧਰਨੇ ਦੀ ਤਿਆਰੀ ਸਬੰਧੀ ਇਲਾਕਾ ਬਰੇਟਾ ਦੇ ਪਿੰਡਾਂ ਧਰਮਪੁਰਾ, ਸਸਪਾਲੀ, ਚੱਕ ਅਲੀਸ਼ੇਰ, ਭਖੜਿਆਲ, ਕੁਲਰੀਆਂ ਵਿਖੇ ਮੀਟਿੰਗਾਂ ਅਤੇ ਰੈਲੀਆਂ ਕੀਤੀਆਂ ਗਈਆਂ | ਜ਼ਿਲ੍ਹਾ ਜਨਰਲ ਸਕੱਤਰ ਤਾਰਾ ਚੰਦ ਬਰੇਟਾ, ਜ਼ਿਲ੍ਹਾ ਖ਼ਜ਼ਾਨਚੀ ਦੇਵੀ ਰਾਮ ਰੰਘੜਿਆਲ ਤੇ ਬਲਾਕ ਸਕੱਤਰ ਮੇਲਾ ਸਿੰਘ ਦਿਆਲਪੁਰਾ ਤੋਂ ਇਲਾਵਾ ਜ਼ਿਲ੍ਹਾ ਮੀਤ ਪ੍ਰਧਾਨ ਤਰਸੇਮ ਸਿੰਘ ਚੱਕ ਅਲੀਸ਼ੇਰ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਪਿੰਡ ਕੁਲਰੀਆਂ ਨਾਲ ਸਬੰਧਿਤ ਵਰਕਰਾਂ ਅਤੇ ਕਈ ਨਿਰਦੋਸ਼ ਅÏਰਤਾਂ 'ਤੇ ਝੂਠੇ ਕੇਸ ਬਣਾਏ ਹੋਏ ਹਨ ਜੋ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਵਾਪਸ ਨਹੀਂ ਲਏ ਗਏ ਅਤੇ ਬੇਕਸੂਰ ਆਗੂ ਗੁਰਪ੍ਰੀਤ ਸਿੰਘ ਨੂੰ ਜੇਲ੍ਹ ਭੇਜਿਆ ਹੋਇਆ ਹੈ | ਵਾਰ-ਵਾਰ ਮਿਲਣ 'ਤੇ ਪੁਲਿਸ ਪ੍ਰਸ਼ਾਸਨ ਟਾਲਮਟੋਲ ਦੀ ਨੀਤੀ ਅਖ਼ਤਿਆਰ ਕਰ ਰਿਹਾ ਹੈ, ਜਿਸ ਕਾਰਨ ਜਥੇਬੰਦੀ ਵਲੋਂ 30 ਜਨਵਰੀ ਨੂੰ ਰੋਹ ਭਰਪੂਰ ਧਰਨਾ ਐਸ.ਐਸ.ਪੀ. ਦਫ਼ਤਰ ਮਾਨਸਾ ਸਾਹਮਣੇ ਲਗਾਇਆ ਜਾ ਰਿਹਾ ਹੈ |