ਐੱਸ. ਏ. ਐੱਸ. ਨਗਰ, 20 ਨਵੰਬਰ (ਕਪਿਲ ਵਧਵਾ)-ਸ਼ੇਅਰ ਮਾਰਕੀਟ ਵਿਚ ਥੋੜੇ ਸਮੇਂ ਵਿਚ ਹੀ ਵੱਡਾ ਮੁਨਾਫ਼ਾ ਕਮਾਉਣ ਦਾ ਲਾਲਚ ਦੇ ਕੇ ਸਾਈਬਰ ਠੱਗਾਂ ਨੇ ਨਿਊ ਚੰਡੀਗੜ੍ਹ ਵਾਸੀ ਸੇਵਾ-ਮੁਕਤ ਲੈਫਟੀਨੈਂਟ ਕਰਨਲ ਨਾਲ 70.19 ਲੱਖ ਰੁ. ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਫੇਸਬੁੱਕ ’ਤੇ ਇਸ਼ਤਿਹਾਰ ਰਾਹੀਂ ਪੀੜਤ ਨੂੰ ਆਪਣੇ ਜਾਅਲ ਵਿਚ ਫਸਾਇਆ ਅਤੇ ਵਟਸਐਪ ਗਰੁੱਪ ਵਿਚ ਸ਼ਾਮਿਲ ਕਰਕੇ ਸ਼ੇਅਰ ਮਾਰਕੀਟ ਵਿਚ ਨਿਵੇਸ਼ ਕਰਵਾਇਆ। ਸਾਈਬਰ ਕ੍ਰਾਈਮ ਥਾਣਾ ਮੁਹਾਲੀ ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਨਿਊ ਚੰਡੀਗੜ੍ਹ ਦੇ ਰਹਿਣ ਵਾਲੇ 68 ਸਾਲਾਂ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਭਾਰਤੀ ਫੌਜ ਵਿਚੋਂ ਲੈਫਟੀਨੈਂਟ ਕਰਨਲ ਦੇ ਅਹੁਦੇ ਤੋਂ ਸੇਵਾ-ਮੁਕਤ ਹਨ। ਉਨ੍ਹਾਂ ਅਨੁਸਾਰ ਬੀਤੀ 31 ਅਗਸਤ ਨੂੰ ਜਦੋਂ ਉਹ ਆਪਣੇ ਮੋਬਾਈਲ ਫੋਨ ’ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਸਨ ਤਾਂ ਫੇਸਬੁੱਕ ’ਤੇ ਇਕ ਇਸ਼ਤਿਹਾਰ ਦੇਖਿਆ, ਜਿਸ ਵਿਚ ਸ਼ੇਅਰ ਮਾਰਕੀਟ ਵਿਚ ਥੋੜੇ ਸਮੇਂ ਲਈ ਨਿਵੇਸ਼ ਕਰਕੇ ਚੰਗਾ ਮੁਨਾਫ਼ਾ ਕਮਾਉਣ ਦਾ ਦਾਅਵਾ ਕੀਤਾ ਗਿਆ ਸੀ। ਇਸ਼ਤਿਹਾਰ ਨਾਲ ਦਿੱਤੇ ਵਟਸਐਪ ਲਿੰਕ ਰਾਹੀਂ ਉਹ ਇਕ ਗਰੁੱਪ ਵਿਚ ਸ਼ਾਮਿਲ ਹੋ ਗਏ, ਜਿਸ ਵਿਚ ਕਰੀਬ 150 ਮੈਂਬਰ ਸਨ। ਸ਼ਿਕਾਇਤਕਰਤਾ ਮੁਤਾਬਿਕ ਗਰੁੱਪ ਦੇ ਮੈਂਬਰਾਂ ਦੇ ਕਹਿਣ ’ਤੇ ਉਨ੍ਹਾਂ ਨੇ ‘ ਆਈ. ਆਈ. ਐਸ. ਐਲ. ਨੋਕਸੱਸ ‘ ਨਾਂਅ ਦੀ ਐਪਲੀਕੇਸ਼ਨ ਡਾਊਨਲੋਡ ਕੀਤੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਨ੍ਹਾਂ ਦਾ ਡੀਮੈਟ ਖਾਤਾ ਖੋਲ੍ਹਣ ਦਾ ਭਰੋਸਾ ਦੇ ਕੇ ਪੈਨ ਕਾਰਡ ਤੇ ਆਧਾਰ ਕਾਰਡ ਦੀ ਜਾਣਕਾਰੀ ਹਾਸਿਲ ਕਰ ਲਈ। ਵਟਸਐਪ ਗਰੁੱਪ ਵਿਚ ਉਨ੍ਹਾਂ ਨੂੰ ਵੱਖ-ਵੱਖ ਸ਼ੇਅਰ ਖਰੀਦਣ ਦੇ ਸੁਝਾਅ ਦਿੱਤੇ ਜਾਣ ਲੱਗੇ, ਜਿਸ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ 2 ਸਤੰਬਰ ਤੋਂ 21 ਅਕਤੂਬਰ ਤੱਕ ਵੱਖ-ਵੱਖ ਸਮੇਂ ’ਤੇ ਵੱਖ-ਵੱਖ ਬੈਂਕ ਖਾਤਿਆਂ ਵਿਚ ਕੁਲ 44 ਲੱਖ ਰੁ. ਜਮ੍ਹਾਂ ਕਰਵਾ ਦਿੱਤੇ। ਪੀੜਤ ਨੇ ਦੱਸਿਆ ਕਿ ਐਪਲੀਕੇਸ਼ਨ ਵਿਚ ਉਨ੍ਹਾਂ ਦੇ ਨਿਵੇਸ਼ ’ਤੇ ਕਰੀਬ 2 ਕਰੋੜ 61 ਲੱਖ 96 ਹਜ਼ਾਰ ਰੁ. ਦਾ ਮੁਨਾਫ਼ਾ ਦਿਖਾਇਆ। ਜਦੋਂ ਉਨ੍ਹਾਂ ਨੇ ਹੋਰ ਪੈਸਾ ਲਗਾਉਣ ਤੋਂ ਇਨਕਾਰ ਕਰਦਿਆਂ ਆਪਣੀ ਰਕਮ ਵਾਪਸ ਮੰਗੀ ਤਾਂ ਮੁਲਜ਼ਮਾਂ ਨੇ ਮੁਨਾਫ਼ੇ ਦੀ ਰਕਮ ’ਤੇ 10 ਫ਼ੀਸਦੀ ਬਰੋਕਰੇਜ ਫੀਸ ਦੇਣ ਲਈ ਕਿਹਾ, ਜੋ 26 ਲੱਖ 19 ਹਜ਼ਾਰ 608 ਰੁ. ਬਣਦੀ ਸੀ। ਉਨ੍ਹਾਂ ਨੇ ਇਹ ਰਕਮ ਵੀ ਜਮ੍ਹਾਂ ਕਰਵਾ ਦਿੱਤੀ ਪਰ ਇਸ ਤੋਂ ਬਾਅਦ ਮੁਲਜ਼ਮਾਂ ਨੇ ਹੋਰ 13 ਲੱਖ ਰੁ . ਦੀ ਮੰਗ ਕਰ ਦਿੱਤੀ। ਸ਼ਿਕਾਇਤਕਰਤਾ ਅਨੁਸਾਰ ਹਰ ਵਾਰ ਵਟਸਐਪ ਗਰੁੱਪ ਵਿਚ ਬੈਂਕ ਖਾਤੇ ਦੀ ਜਾਣਕਾਰੀ ਭੇਜੀ ਜਾਂਦੀ ਸੀ ਅਤੇ ਉਹ ਦੱਸੇ ਗਏ ਖਾਤਿਆਂ ਵਿਚ ਪੈਸੇ ਜਮ੍ਹਾਂ ਕਰਵਾ ਦਿੰਦੇ ਸਨ। ਮੁਲਜ਼ਮਾਂ ਨੇ ਆਪਣੀ ਪਛਾਣ ਹੈੱਡ ਲਵ ਚਤਰਵੇਦੀ ਅਤੇ ਅਦਿੱਤੀ ਯਾਦਵ ਵਜੋਂ ਦੱਸੀ ਸੀ। ਇਸ ਤਰ੍ਹਾਂ ਉਨ੍ਹਾਂ ਨਾਲ ਕੁਲ 70 ਲੱਖ 19 ਹਜ਼ਾਰ 608 ਰੁ. ਦੀ ਠੱਗੀ ਮਾਰੀ ਗਈ। ਪੁਲਿਸ ਅਨੁਸਾਰ ਸ਼ਿਕਾਇਤਕਰਤਾ ਦੀ ਆਨਲਾਈਨ ਦਰਖਾਸਤ ਮਿਲਣ ਤੋਂ ਬਾਅਦ ਪਹਿਲਾਂ ਹੀ ਈ-ਜ਼ੀਰੋ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਦਰਖਾਸਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ 17 ਅਕਤੂਬਰ ਨੂੰ ਮੁਹਾਲੀ ਦੇ ਥਾਣਾ ਫੇਜ਼-7 ਵਿਖੇ ਐਫ. ਆਈ. ਆਰ. ਦਰਜ ਕਰ ਲਈ ਗਈ ਹੈ।