ਐੱਸ. ਏ. ਐੱਸ. ਨਗਰ, 24 ਅਕਤੂਬਰ (ਕਪਿਲ ਵਧਵਾ)- ਮੁਹਾਲੀ ਦੇ ਪਿੰਡ ਲਖਨੌਰ ਦੀ ਰਹਿਣ ਵਾਲੀ 15 ਸਾਲਾ ਨਾਬਾਲਗ ਲੜਕੀ ਦੇ ਲਾਪਤਾ ਹੋਣ ਦੇ ਮਾਮਲੇ ਵਿਚ ਥਾਣਾ ਸੋਹਾਣਾ ਦੀ ਪੁਲਿਸ ਨੇ ਅਰਜੁਨ ਨਾਂਅ ਦੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਲੜਕੀ ਦੇ ਪਿਤਾ ਨੇ ਸ਼ੱਕ ਜਤਾਇਆ ਹੈ ਕਿ ਅਰਜੁਨ ਉਸ ਦੀ ਧੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਆਪਣੇ ਨਾਲ ਲੈ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਪਿੰਡ ਲਖਨੌਰ ਵਿਖੇ ਝੁੱਗੀਆਂ ਵਿਚ ਰਹਿੰਦਾ ਹੈ ਅਤੇ ਮਜ਼ਦੂਰੀ ਕਰਦਾ ਹੈ। ਉਸ ਦੀਆਂ ਦੋ ਧੀਆਂ ਅਤੇ ਇਕ ਪੁੱਤਰ ਹੈ। ਉਸ ਦੀ ਛੋਟੀ ਧੀ ਜਿਸ ਦੀ ਉਮਰ 15 ਸਾਲ ਹੈ, ਦੀ ਜਾਣ-ਪਛਾਣ ਅਰਜੁਨ ਨਾਂਅ ਦੇ ਨੌਜਵਾਨ ਨਾਲ ਸੀ, ਜੋ ਕਿ ਉਨ੍ਹਾਂ ਦੀ ਰਿਹਾਇਸ਼ ਨੇੜੇ ਚੱਲ ਰਹੇ ਉਸਾਰੀ ਦੇ ਕੰਮ ਵਿਚ ਲੱਗਿਆ ਹੋਇਆ ਸੀ। ਪਿਤਾ ਨੇ ਦੱਸਿਆ ਕਿ ਉਹ ਆਪਣੀ ਧੀ ਨੂੰ ਉਕਤ ਨੌਜਵਾਨ ਨਾਲ ਗੱਲਬਾਤ ਕਰਨ ਤੋਂ ਰੋਕਦਾ ਸੀ। ਸ਼ਿਕਾਇਤਕਰਤਾ ਅਨੁਸਾਰ 12 ਅਕਤੂਬਰ ਨੂੰ ਸ਼ਾਮ ਦੇ ਕਰੀਬ 6 ਵਜੇ ਉਸ ਦੀ ਧੀ ਘਰੋਂ ਕਿਧਰੇ ਚਲੀ ਗਈ ਅਤੇ ਉਦੋਂ ਤੋਂ ਹੀ ਉਹ ਲਗਾਤਾਰ ਉਸ ਦੀ ਭਾਲ ਕਰ ਰਿਹਾ ਹੈ, ਪਰ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗ ਸਕਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸੇ ਦਿਨ ਤੋਂ ਅਰਜੁਨ ਵੀ ਗਾਇਬ ਹੈ ਅਤੇ ਉਸ ਦਾ ਮੋਬਾਈਲ ਫ਼ੋਨ ਵੀ ਬੰਦ ਆ ਰਿਹਾ ਹੈ। ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਅਰਜੁਨ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 137 (2) ਅਤੇ 96 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫ਼ਿਲਹਾਲ ਨਾਬਾਲਗ ਲੜਕੀ ਦੀ ਬਰਾਮਦਗੀ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਸੰਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।