ਡੇਰਾਬੱਸੀ ਦੀਆਂ ਮੰਡੀਆਂ ’ ਚ ਝੋਨੇ ਦੀ ਲਿਫ਼ਟਿੰਗ ’ ਚ ਦੇਰੀ ਹੋਣ ਕਾਰਨ ਕਿਸਾਨ ਪ੍ਰੇਸ਼ਾਨ
ਮੀਂਹ ਕਾਰਨ ਨਮੀ 21 ਫ਼ੀਸਦੀ ਤੱਕ ਪਹੁੰਚਣ ਦਾ ਖਦਸ਼ਾ , ਸਰਕਾਰ ਤੋਂ ਤੁਰੰਤ ਰਾਹਤ ਦੀ ਕੀਤੀ ਮੰਗ
ਡੇਰਾਬੱਸੀ, 16 ਅਕਤੂਬਰ (ਗੁਰਮੀਤ ਸਿੰਘ)-ਡੇਰਾਬੱਸੀ ਇਲਾਕੇ ਦੀਆਂ ਅਨਾਜ ਮੰਡੀਆਂ ‘ਚ ਝੋਨੇ ਦੀ ਲਿਫ਼ਟਿੰਗ ‘ਚ ਦੇਰੀ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਮੰਡੀਆਂ ‘ਚ ਫ਼ਸਲ ਦੇ ਢੇਰ ਲੱਗੇ ਹੋਏ ਹਨ, ਜਦਕਿ ਮੀਂਹ ਕਾਰਨ ਝੋਨੇ ‘ਚ ਨਮੀ ਵਧਣ ਦਾ ਖਦਸ਼ਾ ਬਣਿਆ ਹੋਇਆ ਹੈ।
ਡ
ਡੇਰਾਬੱਸੀ ਦੀ ਮੰਡੀ ਦਾ ਦੌਰਾ ਕਰਦੇ ਹੋਏ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੇ ਬੁਲਾਰੇ ਅਤੇ ਸੂਬਾ ਕਾਰਜਕਾਰਨੀ ਕਮੇਟੀ ਦੇ ਮੈਂਬਰ ਜਸ਼ਨਦੀਪ ਸਿੰਘ ਸੰਧੂ। ਤਸਵੀਰ : ਗੁਰਮੀਤ ਸਿੰਘ
17-10-2026
ਡੇਰਾਬੱਸੀ, 16 ਅਕਤੂਬਰ (ਗੁਰਮੀਤ ਸਿੰਘ)-ਡੇਰਾਬੱਸੀ ਇਲਾਕੇ ਦੀਆਂ ਅਨਾਜ ਮੰਡੀਆਂ ‘ਚ ਝੋਨੇ ਦੀ ਲਿਫ਼ਟਿੰਗ ‘ਚ ਦੇਰੀ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਮੰਡੀਆਂ ‘ਚ ਫ਼ਸਲ ਦੇ ਢੇਰ ਲੱਗੇ ਹੋਏ ਹਨ, ਜਦਕਿ ਮੀਂਹ ਕਾਰਨ ਝੋਨੇ ‘ਚ ਨਮੀ ਵਧਣ ਦਾ ਖਦਸ਼ਾ ਬਣਿਆ ਹੋਇਆ ਹੈ। ਕੁਝ ਥਾਵਾਂ ‘ਤੇ ਨਮੀ 21 ਫ਼ੀਸਦੀ ਤੱਕ ਪਹੁੰਚਣ ਦੀ ਗੱਲ ਸਾਹਮਣੇ ਆ ਰਹੀ ਹੈ, ਜਦਕਿ ਖ਼ਰੀਦ ਲਈ ਨਿਰਧਾਰਤ ਹੱਦ 17 ਫ਼ੀਸਦੀ ਹੈ। ਇਸ ਕਾਰਨ ਕਿਸਾਨਾਂ ਨੂੰ ਫ਼ਸਲ ਦੀ ਖ਼ਰੀਦ ਪ੍ਰਭਾਵਿਤ ਹੋਣ ਦਾ ਡਰ ਸਤਾ ਰਿਹਾ ਹੈ। ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੇ ਬੁਲਾਰੇ ਅਤੇ ਸੂਬਾ ਕਾਰਜਕਾਰਨੀ ਕਮੇਟੀ ਦੇ ਮੈਂਬਰ ਜਸ਼ਨਦੀਪ ਸਿੰਘ ਸੰਧੂ ਨੇ ਝੋਨੇ ਦੀ ਲਿਫ਼ਟਿੰਗ ‘ਚ ਹੋ ਰਹੀ ਦੇਰੀ ਲਈ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜੇਕਰ ਖ਼ਰੀਦ ਏਜੰਸੀਆਂ ਵਲੋਂ ਸਮੇਂ ਸਿਰ ਲਿਫ਼ਟਿੰਗ ਕਰਵਾਈ ਜਾਂਦੀ ਤਾਂ ਕਿਸਾਨਾਂ ਨੂੰ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪੈਂਦਾ। ਸੰਧੂ ਨੇ ਡੇਰਾਬੱਸੀ ਦੀ ਅਨਾਜ ਮੰਡੀ ਦਾ ਦੌਰਾ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਮੰਡੀਆਂ ‘ਚ ਪਈ ਹੈ ਅਤੇ ਮੀਂਹ ਕਾਰਨ ਇਸ ਦੀ ਗੁਣਵੱਤਾ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਜੇਕਰ ਨਮੀ ਨਿਰਧਾਰਤ ਹੱਦ ਤੋਂ ਵੱਧ ਹੋਣ ਕਾਰਨ ਫ਼ਸਲ ਦੀ ਵਿਕਰੀ ‘ਚ ਦਿੱਕਤ ਆਉਂਦੀ ਹੈ ਤਾਂ ਇਹ ਕਿਸਾਨਾਂ ਦੀ ਗ਼ਲਤੀ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਬੰਧਾਂ ‘ਚ ਦੇਰੀ ਦਾ ਬੋਝ ਕਿਸਾਨਾਂ ‘ਤੇ ਨਹੀਂ ਪੈਣਾ ਚਾਹੀਦਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਡੇਰਾਬੱਸੀ ਦੀਆਂ ਸਾਰੀਆਂ ਮੰਡੀਆਂ ‘ਚੋਂ ਝੋਨੇ ਦੀ ਲਿਫ਼ਟਿੰਗ ਜੰਗੀ ਪੱਧਰ ‘ਤੇ ਕਰਵਾਈ ਜਾਵੇ ਅਤੇ ਮੀਂਹ ਕਾਰਨ ਪ੍ਰਭਾਵਿਤ ਫ਼ਸਲ ਦੇ ਮਾਮਲੇ ‘ਚ ਕਿਸਾਨਾਂ ਨੂੰ ਢੁਕਵੀਂ ਰਾਹਤ ਦਿੱਤੀ ਜਾਵੇ ਅਤੇ ਖ਼ਰੀਦ ਪ੍ਰਕਿਰਿਆ ‘ਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕੀਤਾ ਜਾਵੇ। ਸੰਧੂ ਨੇ ਕਿਹਾ ਕਿ ਖੇਤੀ ਲਾਗਤਾਂ ਦੇ ਵਧਦੇ ਬੋਝ ਵਿਚਕਾਰ ਕਿਸਾਨਾਂ ਨੂੰ ਮੰਡੀਆਂ ‘ਚ ਖੱਜਲ-ਖੁਆਰ ਕਰਨਾ ਠੀਕ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਫ਼ਸਲ ਦੀ ਸਮੇਂ ਸਿਰ ਖ਼ਰੀਦ, ਸਾਂਭ-ਸੰਭਾਲ ਅਤੇ ਲਿਫ਼ਟਿੰਗ ਯਕੀਨੀ ਬਣਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਸੰਭਾਵੀ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ।