05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਰਵਾਇਤੀ ਸਮੀਕਰਣ ਬਦਲਣ ਦੇ ਆਸਾਰ ਸਿਆਸੀ ਪਾਰਟੀਆਂ ਦੀ ਨਜ਼ਰ ਚੜ੍ਹਿਆ ਹਲਕਾ ਡੇਰਾਬੱਸੀ ਦਾ ਓ.ਬੀ.ਸੀ. ਵੋਟ ਬੈਂਕ

ਜ਼ੀਰਕਪੁਰ, 4 ਅਕਤੂਬਰ (ਹੈਪੀ ਪੰਡਵਾਲਾ)- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬੇ ‘ਚ ਸਿਆਸੀ ਫਿਜ਼ਾ ਚੱਲਣੀ ਸ਼ੁਰੂ ਹੋ ਗਈ ਹੈ। ਦਾਅਵੇਦਾਰਾਂ ਵਲੋਂ ਪ੍ਰਚਾਰ ਦੇ ਨਾਲ-ਨਾਲ ਟਿਕਟਾਂ ਦੀ ਵੰਡ ’ਚ ਹਿੱਸੇਦਾਰੀ ਦੀ ਗੱਲ ਕਰਨੀ ਵੀ ਸਾਹਮਣੇ ਆਉਣ ਲੱਗ ਪਈ ਹੈ।

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਗੁਰਦਰਸ਼ਨ ਸਿੰਘ ਸੈਣੀ। ਤਸਵੀਰ : ਹੈਪੀ ਪੰਡਵਾਲਾ 05-10-2026
ਜ਼ੀਰਕਪੁਰ, 4 ਅਕਤੂਬਰ (ਹੈਪੀ ਪੰਡਵਾਲਾ)- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬੇ ‘ਚ ਸਿਆਸੀ ਫਿਜ਼ਾ ਚੱਲਣੀ ਸ਼ੁਰੂ ਹੋ ਗਈ ਹੈ। ਦਾਅਵੇਦਾਰਾਂ ਵਲੋਂ ਪ੍ਰਚਾਰ ਦੇ ਨਾਲ-ਨਾਲ ਟਿਕਟਾਂ ਦੀ ਵੰਡ ’ਚ ਹਿੱਸੇਦਾਰੀ ਦੀ ਗੱਲ ਕਰਨੀ ਵੀ ਸਾਹਮਣੇ ਆਉਣ ਲੱਗ ਪਈ ਹੈ। ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਵਲੋਂ ਜਨਰਲ ਵਰਗ ਸਣੇ ਪੰਜਾਬ ਦੇ ਮਜ਼ਬੂਤ ਓ.ਬੀ.ਸੀ. (ਹੋਰ ਪੱਛੜੇ ਵਰਗ) ਵੋਟ ਬੈਂਕ ’ਤੇ ਨਜ਼ਰ ਰੱਖਣ ਨਾਲ ਸਿਆਸੀ ਰਣਨੀਤੀ ਤੇਜ਼ ਹੁੰਦੀ ਜਾ ਰਹੀ ਹੈ, ਜਿਸ ਨਾਲ ਕਈ ਹਲਕਿਆਂ ‘ਚ ਇਸ ਵਾਰ ਸਮੀਕਰਨ ਬਦਲਣ ਦੀ ਸੰਭਾਵਨਾ ਬਣੀ ਹੋਈ ਹੈ। ਇਸੇ ਸੰਦਰਵ ‘ਚ ਜੇ ਵਿਧਾਨ ਸਭਾ ਹਲਕਾ ਡੇਰਾਬੱਸੀ ਦੀ ਗੱਲ ਕਰੀਏ ਤਾਂ ਇਹ ਪੰਜਾਬ ਦੇ ਸਭ ਤੋਂ ਮਜ਼ਬੂਤ ਓ.ਬੀ.ਸੀ. ਪ੍ਰਭਾਵਿਤ ਹਲਕਿਆਂ ‘ਚੋਂ ਨੰਬਰ ਇਕ ਵਜੋਂ ਉੱਭਰਿਆ ਹੈ, ਜਿਥੇ ਸਿਆਸੀ ਮਾਹਿਰਾਂ ਮੁਤਾਬਿਕ ਓ. ਬੀ. ਸੀ. ਵੋਟਰਾਂ ਦੀ ਗਿਣਤੀ ਕਰੀਬ 40 ਫ਼ੀਸਦੀ ਮੰਨੀ ਜਾ ਰਹੀ ਹੈ। ਹਾਲਾਂਕਿ ਇਸ ਬਾਬਤ ਕੋਈ ਅਧਿਕਾਰਤ ਅੰਕੜੇ ਸਾਹਮਣੇ ਨਹੀਂ ਆਏ, ਪਰ ਜ਼ਮੀਨੀ ਪੱਧਰ ‘ਤੇ ਇਹ ਭਾਈਚਾਰਾ ਚੋਣ ਨਤੀਜਿਆਂ ਨੂੰ ਬਦਲਣ ਦੀ ਪੂਰੀ ਸਮਰੱਥਾ ਰੱਖਦਾ ਹੈ। ਜੇ ਹਲਕੇ ਦੇ ਸਿਆਸੀ ਪਿਛੋਕੜ ‘ਤੇ ਝਾਤ ਮਾਰੀਏ ਤਾਂ ਇਥੇ ਵੱਖ-ਵੱਖ ਪਾਰਟੀਆਂ ਦੇ ਵਿਧਾਇਕ ਮਰਹੂਮ ਹੰਸ ਰਾਜ ਸ਼ਰਮਾ, ਵਿਨੋਦ ਸ਼ਰਮਾ, ਮਹਿੰਦਰ ਸਿੰਘ ਗਿੱਲ, ਕੈਪਟਨ ਕੰਵਲਜੀਤ ਸਿੰਘ, ਜਸਜੀਤ ਸਿੰਘ ਬੰਨੀ ਅਤੇ ਉਨ੍ਹਾਂ ਤੋਂ ਬਾਅਦ ਐੱਨ. ਕੇ. ਸ਼ਰਮਾ, ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ, ਮੌਜੂਦਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਸਾਰੇ ਹੀ ਜਨਰਲ ਵਰਗ ਨਾਲ ਸੰਬੰਧਿਤ ਹਨ। ਹੁਣ ਜੇ ਗੱਲ ਪੱਛੜੇ ਵਰਗਾਂ ਦੀ ਕਰੀਏ ਤਾਂ ਡੇਰਾਬੱਸੀ ਹਲਕੇ ‘ਚ ਸੈਣੀ, ਕੰਬੋਜ, ਰਾਮਗੜ੍ਹੀਆ, ਗੁੱਜਰ, ਘੁਮਿਆਰ ਤੇ ਹੋਰ ਓ. ਬੀ. ਸੀ. ਭਾਈਚਾਰਿਆਂ ਦੀ ਵੱਡੀ ਗਿਣਤੀ ਹੈ। ਇਸ ਦੇ ਨਾਲ ਹੀ ਜ਼ੀਰਕਪੁਰ, ਡੇਰਾਬੱਸੀ ਤੇ ਲਾਲੜੂ ਇਲਾਕਿਆਂ ‘ਚ ਹੋ ਰਹੇ ਤੇਜ਼ੀ ਨਾਲ ਸ਼ਹਿਰੀ ਵਿਕਾਸ ਅਤੇ ਵੱਧ ਰਹੀ ਆਬਾਦੀ ਨੇ ਇਸ ਹਲਕੇ ਦੇ ਸਿਆਸੀ ਸਮੀਕਰਨਾਂ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ। ਹੁਣ ਇਸ ਭਾਈਚਾਰੇ ਦੇ ਆਗੂ ਚੋਣਾਂ ਦੌਰਾਨ ਟਿਕਟਾਂ ਦੀ ਵੰਡ ਵਿਚ ਆਪਣੀ ਆਬਾਦੀ ਦੇ ਹਿਸਾਬ ਨਾਲ ਢੁਕਵੀਂ ਪ੍ਰਤੀਨਿਧਤਾ ਦੀ ਜ਼ੋਰ ਨਾਲ ਮੰਗ ਕਰ ਰਹੇ ਹਨ। ਦੂਜੇ ਬੰਨੇ ਦੇਖਿਆ ਜਾਵੇ ਤਾਂ ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਓ.ਬੀ.ਸੀ. ਭਾਈਚਾਰੇ ਨੂੰ ਲਾਮਬੰਦ ਕਰਕੇ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਭਾਜਪਾ ਹੁਣ ਇਸੇ ਫਾਰਮੂਲੇ ਨੂੰ ਪੰਜਾਬ ਵਿਚ ਵੀ ਦੁਹਰਾਉਣ ਦੀ ਤਿਆਰੀ ‘ਚ ਹੈ। ਭਾਜਪਾ ਨੇ ਪੰਜਾਬ ‘ਚ ਓ.ਬੀ.ਸੀ. ਭਾਈਚਾਰੇ ਦਾ ਸਮਰਥਨ ਹਾਸਿਲ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮੈਦਾਨ ‘ਚ ਉਤਾਰਿਆ ਹੈ। ਸੀ. ਐਮ. ਸੈਣੀ ਪਿਛਲੇ ਕੁਝ ਮਹੀਨਿਆਂ ਤੋਂ ਡੇਰਾਬੱਸੀ, ਰੋਪੜ ਤੇ ਹੋਰ ਓ.ਬੀ.ਸੀ. ਪ੍ਰਭਾਵਿਤ ਇਲਾਕਿਆਂ ਦਾ ਲਗਾਤਾਰ ਦੌਰਾ ਕਰ ਰਹੇ ਹਨ ਅਤੇ ਭਾਈਚਾਰੇ ਦੇ ਆਗੂਆਂ ਵਲੋਂ ਕਰਵਾਏ ਜਾ ਰਹੇ ਸਮਾਗਮਾਂ ਵਿਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। ਪੰਜਾਬ ਦੀ ਸਿਆਸਤ ‘ਚ ਓ.ਬੀ.ਸੀ. ਭਾਈਚਾਰੇ ਦਾ ਵੋਟ ਸ਼ੇਅਰ ਕਰੀਬ 32 ਫ਼ੀਸਦੀ ਹੈ। ਹਲਕਾ ਡੇਰਾਬੱਸੀ ਦੇ ਨਾਲ ਰੂਪਨਗਰ, ਨਵਾਂਸ਼ਹਿਰ, ਟਾਂਡਾ, ਦਸੂਹਾ ਤੇ ਮੁਕੇਰੀਆਂ ਵਰਗੇ ਹਲਕਿਆਂ ‘ਚ ਇਸ ਭਾਈਚਾਰੇ ਦੀ ਕਾਫ਼ੀ ਮਜ਼ਬੂਤ ਮੌਜੂਦਗੀ ਹੈ। ਭਾਜਪਾ ਵਲੋਂ ਖੇਡੀ ਜਾ ਰਹੀ ਇਸ ਸਿਆਸੀ ਚਾਲ ਨੇ ਕਾਂਗਰਸ ਅਤੇ ਹੋਰਨਾਂ ਵਿਰੋਧੀ ਪਾਰਟੀਆਂ ਨੂੰ ਵੀ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਅਤੇ ਕਾਂਗਰਸ ਲੀਡਰਸ਼ਿਪ ਵੀ ਹੁਣ ਇਸ ਖੇਤਰ ਵੱਲ ਖਾਸ ਧਿਆਨ ਦੇ ਰਹੀ ਹੈ। ਨਾਇਬ ਸਿੰਘ ਸੈਣੀ ਦੇ ਵਧਦੇ ਦੌਰਿਆਂ ਦਰਮਿਆਨ ਪੰਜਾਬ ਕਾਂਗਰਸ ‘ਚ ਵੀ ਹਲਚਲ ਤੇਜ਼ ਹੋ ਗਈ ਹੈ। ਕਾਂਗਰਸ ਦੇ ਪ੍ਰਮੁੱਖ ਓ.ਬੀ.ਸੀ. ਆਗੂ ਵੀ ਮੰਗ ਕਰਨ ਲੱਗੇ ਹਨ ਕਿ ਪਾਰਟੀ ਦੇ ਸੰਗਠਨਾਤਮਕ ਢਾਂਚੇ ਅਤੇ ਆਉਣ ਵਾਲੀਆਂ ਚੋਣਾਂ ‘ਚ ਟਿਕਟਾਂ ਦੀ ਵੰਡ ਦੌਰਾਨ ਉਨ੍ਹਾਂ ਨੂੰ ਬਣਦਾ ਹੱਕ ਤੇ ਢੁਕਵੀਂ ਪ੍ਰਤੀਨਿਧਤਾ ਦਿੱਤੀ ਜਾਵੇ।
ਪਿਛਲੀ ਖ਼ਬਰ ’ਚ ਦਹਿਸ਼ਤ, ਨਗਰ ਕੌਂਸਲ ਤੋਂ ਅਵਾਰਾ ਕੁੱਤਿਆਂ ਤੋਂ ਛੁਟਕਾਰਾ ਦਿਵਾਉਣ ਦੀ ਗੁਹਾਰ ਅਗਲੀ ਖ਼ਬਰ ਟਿਕਟਾਂ ਦੇ ਦਾਅਵੇਦਾਰਾਂ ਨੇ ਪੁੱਟੇ ਪੱਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।