ਐੱਸ. ਏ. ਐੱਸ. ਨਗਰ, 30 ਸਤੰਬਰ (ਕਪਿਲ ਵਧਵਾ)-ਮੁਹਾਲੀ ਦੇ ਸੈਕਟਰ-119 ਸਥਿਤ ਟੀ. ਡੀ. ਆਈ. ਹਾਊਸ ਵਿਖੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਕੀਤੀ ਜਾ ਰਹੀ ਜਾਂਚ ਤੀਜੇ ਦਿਨ ਬੁੱਧਵਾਰ ਨੂੰ ਸਮਾਪਤ ਹੋ ਗਈ। ਸੂਤਰਾਂ ਅਨੁਸਾਰ ਈ. ਡੀ. ਦੇ ਅਧਿਕਾਰੀਆਂ ਵਲੋਂ ਛਾਪੇਮਾਰੀ ਦੌਰਾਨ ਪੀ. ਆਰ.-6 ਰੋਡ ਪ੍ਰਾਜੈਕਟ ਨਾਲ ਸੰਬੰਧਿਤ ਜ਼ਮੀਨਾਂ ਦੇ ਸੌਦਿਆਂ, ਰਜਿਸਟਰੀਆਂ ਅਤੇ ਸਰਕਾਰੀ ਮੁਆਵਜ਼ੇ ਨਾਲ ਜੁੜੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਅਤੇ ਕੁਝ ਦਸਤਾਵੇਜ਼ ਆਪਣੇ ਕਬਜ਼ੇ ਵਿਚ ਲੈ ਲਏ ਗਏ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਦੇ ਮਾਲਕਾਂ ਵਲੋਂ ਆਪਣੇ ਰਿਸ਼ਤੇਦਾਰਾਂ ਦੇ ਨਾਂਅ ‘ਤੇ ਜਮੀਨਾਂ ਖ਼ਰੀਦ ਕੇ ਸਰਕਾਰੀ ਮੁਆਵਜ਼ਾ ਹਾਸਿਲ ਕਰਨ ਅਤੇ ਜ਼ਮੀਨ ਦੀ ਵਰਤੋਂ ਤੇ ਰਜਿਸਟਰੀਆਂ ਨਾਲ ਸੰਬੰਧਿਤ ਨਿਯਮਾਂ ਦੀ ਕਥਿਤ ਉਲੰਘਣਾ ਦੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਿਕ ਇਸ ਮਾਮਲੇ ਵਿਚ ਹਾਸਿਲ ਕੀਤੇ ਗਏ ਮੁਆਵਜ਼ੇ ਦੀ ਰਕਮ ਕਰੀਬ 6 ਕਰੋੜ ਰੁ. ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਇਕ ਵੱਖਰੇ ਮਾਮਲੇ ‘ਚ ਮੁਹਾਲੀ ਦੇ ਸਿਟੀ ਸੈਂਟਰ ਵਿਚਲੇ ਇਕ ਜਵੈਲਰ ਅਤੇ ਕਾਰੋਬਾਰੀ ਦੇ ਸ਼ੋਅਰੂਮ ‘ਤੇ ਵੀ ਮੰਗਲਵਾਰ ਨੂੰ ਈ. ਡੀ. ਵਲੋਂ ਦਬਿਸ਼ ਦਿੱਤੇ ਜਾਣ ਦੀ ਜਾਣਕਾਰੀ ਮਿਲੀ ਹੈ।