ਐੱਸ. ਏ. ਐੱਸ. ਨਗਰ, 30 ਸਤੰਬਰ (ਕਪਿਲ ਵਧਵਾ)-ਸ਼ਹਿਰ ਵਿਚ ਸਪਾ ਸੈਂਟਰਾਂ ਦੀ ਆੜ ਵਿਚ ਚੱਲ ਰਹੀਆਂ ਕਥਿਤ ਅਨੈਤਿਕ ਸਰਗਰਮੀਆਂ ਖ਼ਿਲਾਫ਼ ਪੁਲਿਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਥਾਣਾ ਫੇਜ਼-8 ਤੋਂ ਬਾਅਦ ਹੁਣ ਥਾਣਾ ਸੋਹਾਣਾ ਪੁਲਿਸ ਨੇ ਸੈਕਟਰ-79 ਸਥਿਤ ਫੈਮਿਲੀ ਟ੍ਰੀ ਸਪਾ ਸੈਂਟਰ ’ਤੇ ਛਾਪਾ ਮਾਰ ਕੇ ਉੱਥੋਂ 5 ਲੜਕੀਆਂ ਨੂੰ ਰੈਸਕਿਊ ਕੀਤਾ ਹੈ। ਪੁਲਿਸ ਨੇ ਸੈਂਟਰ ਦੇ ਸੰਚਾਲਕ ਦੱਸੇ ਜਾਂਦੇ ਸੰਦੀਪ ਅਤੇ ਦੀਪਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੋਵਾਂ ਖ਼ਿਲਾਫ਼ ਇਮੋਰਲ ਟ੍ਰੈਫਿਕ (ਪ੍ਰਿਵੈਂਸ਼ਨ) ਐਕਟ ਦੀਆਂ ਧਾਰਾਵਾਂ 3, 4 ਅਤੇ 5 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਵਲੋਂ ਸਪਾ ਸੈਂਟਰ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਗੁਪਤ ਸੂਚਨਾ ’ ਤੇ ਕੀਤੀ ਛਾਪੇਮਾਰੀ ਥਾਣਾ ਸੋਹਾਣਾ ਦੇ ਐੱਸ.ਐੱਚ.ਓ. ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-79 ਸਥਿਤ ਉਕਤ ਸਪਾ ਸੈਂਟਰ ਵਿਚ ਸਪਾ ਸੇਵਾਵਾਂ ਦੀ ਆੜ ਵਿਚ ਕਥਿਤ ਤੌਰ ’ਤੇ ਅਨੈਤਿਕ ਸਰਗਰਮੀਆਂ ਚੱਲ ਰਹੀਆਂ ਹਨ। ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਨੇ ਸੈਂਟਰ ’ਤੇ ਛਾਪੇਮਾਰੀ ਕੀਤੀ ਅਤੇ ਮੌਕੇ ਤੋਂ 5 ਲੜਕੀਆਂ ਨੂੰ ਰੈਸਕਿਊ ਕੀਤਾ। ਹੋਰ ਸੂਬਿਆਂ ਤੋਂ ਲੜਕੀਆਂ ਲਿਆਉਣ ਦਾ ਦੋਸ਼ ਐੱਸ.ਐੱਚ.ਓ. ਅਨੁਸਾਰ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਪਾ ਸੈਂਟਰ ਨਾਲ ਜੁੜੇ ਵਿਅਕਤੀਆਂ ਵਲੋਂ ਕਥਿਤ ਤੌਰ ’ਤੇ ਹੋਰ ਸੂਬਿਆਂ ਦੀਆਂ ਲੜਕੀਆਂ ਨੂੰ ਰੁਜ਼ਗਾਰ ਅਤੇ ਚੰਗੀ ਕਮਾਈ ਦਾ ਲਾਲਚ ਦੇ ਕੇ ਮੁਹਾਲੀ ਲਿਆਂਦਾ ਜਾਂਦਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇੱਥੇ ਸਪਾ ਸੇਵਾਵਾਂ ਦੀ ਆੜ ਵਿਚ ਕਥਿਤ ਤੌਰ ’ਤੇ ਸੈਕਸ ਰੈਕੇਟ ਚਲਾਇਆ ਜਾ ਰਿਹਾ ਸੀ। ਪੁਲਿਸ ਨੇ ਰੈਸਕਿਊ ਕੀਤੀਆਂ ਲੜਕੀਆਂ ਦੇ ਪਰਿਵਾਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ। ਗ੍ਰਿਫ਼ਤਾਰ ਕੀਤੇ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਸੈਂਟਰ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹੋਰ ਸੂਬਿਆਂ ਤੋਂ ਲੜਕੀਆਂ ਨੂੰ ਮੁਹਾਲੀ ਲਿਆਉਣ ਦੇ ਪਿੱਛੇ ਕੌਣ-ਕੌਣ ਸਰਗਰਮ ਸੀ।