ਵਿਆਹ ਸਮਾਗਮ ਦੌਰਾਨ ਕਾਰ ਦਾ ਸ਼ੀਸ਼ਾ ਤੋੜ ਕੇ 35 ਹਜ਼ਾਰ ਰੁ. ਤੇ ਹੋਰ ਸਾਮਾਨ ਚੋਰੀ
ਜ਼ੀਰਕਪੁਰ, 25 ਸਤੰਬਰ (ਮਨਿੰਦਰ ਸਿੰਘ)-ਮਾਸਟਰ ਫਾਰਮਜ਼ ਸਥਿਤ ਅਜਲੀਆ ਰਿਜ਼ਾਰਟ ਵਿਖੇ ਵਿਆਹ ਸਮਾਗਮ ਦੌਰਾਨ ਇਕ ਔਰਤ ਦੀ ਕਾਰ ਦਾ ਪਿਛਲਾ ਸ਼ੀਸ਼ਾ ਤੋੜ ਕੇ ਕਰੀਬ 35 ਹਜ਼ਾਰ ਰੁ. ਨਕਦ, ਸ਼ਗਨ, ਗਿਫ਼ਟ ਕਾਰਡ ਅਤੇ ਹੋਰ ਸਾਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜ਼ੀਰਕਪੁਰ, 25 ਸਤੰਬਰ (ਮਨਿੰਦਰ ਸਿੰਘ)-ਮਾਸਟਰ ਫਾਰਮਜ਼ ਸਥਿਤ ਅਜਲੀਆ ਰਿਜ਼ਾਰਟ ਵਿਖੇ ਵਿਆਹ ਸਮਾਗਮ ਦੌਰਾਨ ਇਕ ਔਰਤ ਦੀ ਕਾਰ ਦਾ ਪਿਛਲਾ ਸ਼ੀਸ਼ਾ ਤੋੜ ਕੇ ਕਰੀਬ 35 ਹਜ਼ਾਰ ਰੁ. ਨਕਦ, ਸ਼ਗਨ, ਗਿਫ਼ਟ ਕਾਰਡ ਅਤੇ ਹੋਰ ਸਾਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਰਾਮਿਆ ਸ਼੍ਰੀ ਵਾਸੀ ਸੈਕਟਰ-11 5 ਖਰੜ-ਲਾਂਡਰਾਂ ਰੋਡ ਨੇ ਥਾਣਾ ਜ਼ੀਰਕਪੁਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਅਨੁਸਾਰ ਰਾਮਿਆ ਸ਼੍ਰੀ 21 ਸਤੰਬਰ ਨੂੰ ਆਪਣੇ ਦਿਓਰ ਦੇ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਅਜ਼ਲੀਆ ਰਿਜ਼ਾਰਟ ਪਹੁੰਚੀ ਸੀ। ਰਾਤ 22 ਸਤੰਬਰ ਨੂੰ 12.30 ਵਜੇ ਦੇ ਕਰੀਬ ਜਦੋਂ ਉਹ ਖਾਣਾ ਖਾਣ ਲੱਗੀ, ਤਾਂ ਉਸ ਨੇ ਆਪਣਾ ਹੈਂਡਬੈਗ ਆਪਣੀ ਕਾਰ ਵਿਚ ਰੱਖ ਕੇ ਕਾਰ ਨੂੰ ਲਾਕ ਕਰ ਦਿੱਤਾ। ਸ਼ਿਕਾਇਤ ਅਨੁਸਾਰ 22 ਸਤੰਬਰ ਦੀ ਰਾਤ ਕਰੀਬ 12.19 ਵਜੇ ਇਕ ਅਣਪਛਾਤਾ ਵਿਅਕਤੀ ਪਾਰਕਿੰਗ ਵਿਚ ਦਾਖ਼ਲ ਹੋਇਆ। ਸੀ. ਸੀ. ਟੀ. ਵੀ. ਫੁਟੇਜ ਵਿਚ ਉਕਤ ਵਿਅਕਤੀ ਟਾਰਚ ਦੀ ਮਦਦ ਨਾਲ ਕਈ ਵਾਹਨਾਂ ਨੂੰ ਦੇਖਦਾ ਹੋਇਆ ਨਜ਼ਰ ਆ ਰਿਹਾ ਹੈ। ਬਾਅਦ ਵਿਚ ਉਸ ਨੇ ਰਾਮਿਆ ਸ਼੍ਰੀ ਦੀ ਕਾਰ ਦਾ ਪਿਛਲਾ ਸ਼ੀਸ਼ਾ ਤੋੜ ਕੇ ਅੰਦਰ ਪਿਆ ਬੈਗ ਕੱਢ ਲਿਆ ਅਤੇ ਉਸ ‘ਚੋਂ ਕਰੀਬ 35 ਹਜ਼ਾਰ ਰੁ. ਨਕਦ, ਸ਼ਗਨ, ਗਿਫ਼ਟ ਕਾਰਡ, ਹੋਰ ਕਾਰਡ ਅਤੇ ਸਾਮਾਨ ਚੋਰੀ ਕਰ ਲਿਆ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਹੈ ਕਿ ਸੀ. ਸੀ. ਟੀ. ਵੀ. ਫੁਟੇਜ ਵਿਚ ਉਕਤ ਵਿਅਕਤੀ ਦੇ ਹੱਥ ਵਿਚ ਚਾਕੂ ਵੀ ਦਿਖਾਈ ਦੇ ਰਿਹਾ ਹੈ। ਉਨ੍ਹਾਂ ਨੇ ਰਿਜ਼ਾਰਟ ਦੀ ਪਾਰਕਿੰਗ ਅਤੇ ਮੁੱਖ ਗੇਟ ‘ਤੇ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਪੁਲਿਸ ਤੋਂ ਸੀ. ਸੀ. ਟੀ. ਵੀ. ਫੁਟੇਜ, ਸੁਰੱਖਿਆ ਕਰਮਚਾਰੀਆਂ ਦੇ ਡਿਊਟੀ ਰਿਕਾਰਡ ਅਤੇ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।