ਡੇਰਾਬੱਸੀ ਖੇਤਰ ’ ਚ ਨਾਜਾਇਜ਼ ਇੰਡਸਟਰੀਅਲ ਕਾਲੋਨੀਆਂ ਦੇ ਮਾਮਲੇ ’ ਚ ਗਮਾਡਾ ਨੇ ਕੱਸਿਆ ਸ਼ਿਕੰਜਾ ਤਿੰਨ ਕਾਲੋਨੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ
ਡੇਰਾਬੱਸੀ, 1 ਸਤੰਬਰ (ਗੁਰਮੀਤ ਸਿੰਘ)-ਡੇਰਾਬੱਸੀ-ਬੇਹੜਾ ਸੜਕ ‘ਤੇ ਕੱਟੀਆਂ ਜਾ ਰਹੀਆਂ ਨਾਜਾਇਜ਼ ਇੰਡਸਟਰੀਅਲ ਕਾਲੋਨੀਆਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਗਮਾਡਾ ਦੇ ਅਧਿਕਾਰੀਆਂ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਸੰਬੰਧੀ ਅਦਾਰਾ ‘ਅਜੀਤ’ ਵਲੋਂ ਖ਼ਬਰਾਂ ਪ੍ਰਕਾਸ਼ਿਤ ਕੀਤੇ ਜਾਣ ਕਾਰਨ ਗਮਾਡਾ ਵਲੋਂ ਪਹਿਲਾਂ ਨਾਜਾਇਜ਼ ਕਾਲੋਨੀਆਂ ‘ਚ ਜਾਰੀ ਵਿਕਾਸ ਕਾਰਜ ਬੰਦ ਕਰਵਾਏ ਗਏ ਸਨ ਅਤੇ ਹੁਣ ਵਿਭਾਗ ਨੇ ਤਿੰਨ ਨਾਜਾਇਜ਼ ਕਾਲੋਨੀਆਂ ਦੇ ਬਾਹਰ ਕਾਰਨ ਦੱਸੋ ਨੋਟਿਸ ਚਿਪਕਾ ਕੇ ਸੰਬੰਧਿਤ ਜ਼ਮੀਨ ਮਾਲਕਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ।
ਡੇਰਾਬੱਸੀ, 1 ਸਤੰਬਰ (ਗੁਰਮੀਤ ਸਿੰਘ)-ਡੇਰਾਬੱਸੀ-ਬੇਹੜਾ ਸੜਕ ‘ਤੇ ਕੱਟੀਆਂ ਜਾ ਰਹੀਆਂ ਨਾਜਾਇਜ਼ ਇੰਡਸਟਰੀਅਲ ਕਾਲੋਨੀਆਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਗਮਾਡਾ ਦੇ ਅਧਿਕਾਰੀਆਂ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਸੰਬੰਧੀ ਅਦਾਰਾ ‘ਅਜੀਤ’ ਵਲੋਂ ਖ਼ਬਰਾਂ ਪ੍ਰਕਾਸ਼ਿਤ ਕੀਤੇ ਜਾਣ ਕਾਰਨ ਗਮਾਡਾ ਵਲੋਂ ਪਹਿਲਾਂ ਨਾਜਾਇਜ਼ ਕਾਲੋਨੀਆਂ ‘ਚ ਜਾਰੀ ਵਿਕਾਸ ਕਾਰਜ ਬੰਦ ਕਰਵਾਏ ਗਏ ਸਨ ਅਤੇ ਹੁਣ ਵਿਭਾਗ ਨੇ ਤਿੰਨ ਨਾਜਾਇਜ਼ ਕਾਲੋਨੀਆਂ ਦੇ ਬਾਹਰ ਕਾਰਨ ਦੱਸੋ ਨੋਟਿਸ ਚਿਪਕਾ ਕੇ ਸੰਬੰਧਿਤ ਜ਼ਮੀਨ ਮਾਲਕਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ। ਗਮਾਡਾ ਅਧਿਕਾਰੀਆਂ ਨੇ ਨੋਟਿਸ ਰਾਹੀਂ ਕਾਲੋਨੀਆਂ ‘ਚ ਨਿਰਮਾਣ ਕਾਰਜ ਤੁਰੰਤ ਬੰਦ ਕਰਨ ਦੀ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ‘ਤੇ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਡੇਰਾਬੱਸੀ ਤਹਿਸੀਲ ‘ਚ ਕਥਿਤ ਨਾਜਾਇਜ਼ ਕਾਲੋਨੀਆਂ ਦੀਆਂ ਰਜਿਸਟਰੀਆਂ ਹਾਲੇ ਵੀ ਹੋ ਰਹੀਆਂ ਹਨ। ਲੋਕਾਂ ਨੇ ਕਿਹਾ ਕਿ ਜੇਕਰ ਕਿਸੇ ਕਾਲੋਨੀ ਨੂੰ ਨਿਯਮਾਂ ਅਨੁਸਾਰ ਮਨਜ਼ੂਰੀ ਨਹੀਂ ਮਿਲੀ ਤਾਂ ਉਸ ਨਾਲ ਸੰਬੰਧਿਤ ਜ਼ਮੀਨ ਦੀ ਰਜਿਸਟਰੀ ਕਿਵੇਂ ਹੋ ਰਹੀ ਹੈ। ਉਨ੍ਹਾਂ ਸਰ ਕਾਰ ਤੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਮਾਮਲੇ ਦੀ ਪੜਤਾਲ ਦੌਰਾਨ ਇਹ ਵੀ ਦੋਸ਼ ਸਾਹਮਣੇ ਆਏ ਹਨ ਕਿ ਕੁਝ ਕਲੋਨਾਈਜ਼ਰ ਵਿਭਾਗੀ ਕਾਰਵਾਈ ਤੋਂ ਬਚਣ ਲਈ ਕਈ ਵਾਰ ਜ਼ਮੀਨ ਜਾਂ ਕਾਲੋਨੀ ਆਪਣੇ ਕਰਿੰਦਿਆਂ ਜਾਂ ਜਾਣਕਾਰਾਂ ਦੇ ਨਾਂਅ ‘ਤੇ ਦਰਸਾਉਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਅਸਲ ਕਲੋਨਾਈਜ਼ਰਾਂ ਦੀ ਪਛਾਣ ਹੋ ਸਕੇ। ਉਧਰ ਗਮਾਡਾ ਦੇ ਜੇ. ਈ. ਬਲਕਰਨ ਸਿੰਘ ਨੇ ਦੱਸਿਆ ਕਿ ਅੱਜ ਤਿੰਨ ਨਾਜਾਇਜ਼ ਕਾਲੋਨੀਆਂ ਸੰਬੰਧੀ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਾਲੋਨੀਆਂ ‘ਚ ਕੰਮ ਬੰਦ ਕਰਨ ਦੀ ਹਦਾਇਤ ਦਿੱਤੀ ਗਈ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਰਿੰਦਿਆਂ ਦੇ ਨਾਂਅ ‘ਤੇ ਕਾਲੋਨੀਆਂ ਕੱਟਣ ਦੇ ਮਾਮਲੇ ਦੀ ਵੀ ਪੜਤਾਲ ਕਰਵਾਈ ਜਾਵੇਗੀ। ਇਸੇ ਦੌਰਾਨ ਤਹਿਸੀਲਦਾਰ ਬੀਰਕਰਨ ਸਿੰਘ ਨੇ ਕਿਹਾ ਕਿ ਰਜਿਸਟਰੀਆਂ ਨਿਯਮਾਂ ਅਨੁਸਾਰ ਹੀ ਕੀਤੀਆਂ ਜਾ ਰਹੀਆਂ ਹਨ। ਗਮਾਡਾ ਵਲੋਂ ਨਾਜਾਇਜ਼ ਕਾਲੋਨੀਆਂ ਸੰਬੰਧੀ ਜਾਣਕਾਰੀ ਮਿਲਣ ‘ਤੇ ਸੰਬੰਧਿਤ ਜਾਇਦਾਦਾਂ ਦੀਆਂ ਰਜਿਸਟਰੀਆਂ ਬੰਦ ਕਰਨ ਸੰਬੰਧੀ ਕਾਰਵਾਈ ਕੀਤੀ ਜਾਵੇਗੀ।