19 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੀ ਬਰਵਾਲਾ ਸੜਕ ਬਣਨ ਤੋਂ ਪਹਿਲਾਂ ਹੀ ਟੁੱਟੀ
ਡੇਰਾਬੱਸੀ, 28 ਅਗਸਤ (ਗੁਰਮੀਤ ਸਿੰਘ)- ਦੋ ਸੂਬਿਆਂ ਨੂੰ ਜੋੜਨ ਵਾਲੀ ਮਹੱਤਵਪੂਰਨ ਬਰਵਾਲਾ ਸੜਕ ਦੀ ਖਸਤਾ ਹਾਲਤ ਦਾ ਮੁੱਦਾ ਵਿਧਾਨ ਸਭਾ ਵਿਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਚੁੱਕੇ ਜਾਣ ਤੋਂ ਬਾਅਦ ਇਸ ਦੇ ਨਵੀਨੀਕਰਨ ਲਈ ਕਰੀਬ 19 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਸਨ। ਇਸ ਤੋਂ ਬਾਅਦ ਸੜਕ ਦਾ ਨਿਰਮਾਣ ਕੰਮ ਸ਼ੁਰੂ ਹੋ ਗਿਆ ਹੈ, ਪਰ ਸੜਕ ਬਣਨ ਤੋਂ ਪਹਿਲਾਂ ਹੀ ਇਸ ਦੇ ਕਈ ਹਿੱਸਿਆਂ ਦੀ ਹਾਲਤ ਖਰਾਬ ਹੋਣੀ ਸ਼ੁਰੂ ਹੋ ਗਈ ਹੈ।
ਡੇਰਾਬੱਸੀ, 28 ਅਗਸਤ (ਗੁਰਮੀਤ ਸਿੰਘ)- ਦੋ ਸੂਬਿਆਂ ਨੂੰ ਜੋੜਨ ਵਾਲੀ ਮਹੱਤਵਪੂਰਨ ਬਰਵਾਲਾ ਸੜਕ ਦੀ ਖਸਤਾ ਹਾਲਤ ਦਾ ਮੁੱਦਾ ਵਿਧਾਨ ਸਭਾ ਵਿਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਚੁੱਕੇ ਜਾਣ ਤੋਂ ਬਾਅਦ ਇਸ ਦੇ ਨਵੀਨੀਕਰਨ ਲਈ ਕਰੀਬ 19 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਸਨ। ਇਸ ਤੋਂ ਬਾਅਦ ਸੜਕ ਦਾ ਨਿਰਮਾਣ ਕੰਮ ਸ਼ੁਰੂ ਹੋ ਗਿਆ ਹੈ, ਪਰ ਸੜਕ ਬਣਨ ਤੋਂ ਪਹਿਲਾਂ ਹੀ ਇਸ ਦੇ ਕਈ ਹਿੱਸਿਆਂ ਦੀ ਹਾਲਤ ਖਰਾਬ ਹੋਣੀ ਸ਼ੁਰੂ ਹੋ ਗਈ ਹੈ। ਹਾਲਾਂਕਿ ਸੜਕ ਬਣਾਉਣ ਲਈ ਨਿਰਧਾਰਿਤ ਸਮੇਂ ਤੋ ਦੋ ਸਾਲ ਉਪਰ ਹੋਣ ਮਗਰੋਂ ਵੀ ਸੜਕ ਦਾ ਕੰਮ ਅਜੇ ਅਧੂਰਾ ਹੈ। ਸੜਕ ਦੇ ਦੋਵੇਂ ਪਾਸੇ ਬਣਾਏ ਜਾ ਰਹੇ ਡ੍ਰੇਨੇਜ ਨਾਲਿਆਂ ਦਾ ਕੰਮ ਅਜੇ ਕਾਫੀ ਹੱਦ ਤੱਕ ਅਧੂਰਾ ਪਿਆ ਹੈ। ਇਸ ਕਾਰਨ ਸੜਕ ਕਿਨਾਰੇ ਸਥਿਤ ਫੈਕਟਰੀਆਂ, ਦੁਕਾਨਾਂ ਅਤੇ ਰਿਹਾਇਸ਼ੀ ਖੇਤਰਾਂ ਵਿਚੋਂ ਨਿਕਲਣ ਵਾਲਾ ਪਾਣੀ ਸੜਕ ’ਤੇ ਇਕੱਠਾ ਹੋ ਜਾਂਦਾ ਹੈ। ਕਈ ਥਾਵਾਂ ’ਤੇ ਪਾਣੀ ਕਈ-ਕਈ ਦਿਨ ਸੜਕ ’ਤੇ ਖੜ੍ਹਾ ਰਹਿੰਦਾ ਹੈ ਅਤੇ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਨਵੀਂ ਬਣੀ ਸੜਕ ਟੁੱਟਣੀ ਸ਼ੁਰੂ ਹੋ ਗਈ ਹੈ। ਸੜਕ ਕਿਨਾਰੇ ਡ੍ਰੇਨੇਜ ਨਾਲਾ ਬਣਾਇਆ ਜਾ ਰਿਹਾ ਹੈ, ਪਰ ਰਸਤੇ ਵਿਚ ਹੋ ਰਹੀ ਉਸਾਰੀ ਕਾਰਨ ਇਸ ਨੂੰ ਕਈ ਥਾਵਾਂ ’ਤੇ ਆਪਸ ਵਿਚ ਜੋੜਿਆ ਨਹੀਂ ਜਾ ਸਕਿਆ। ਮੀਂਹ ਪੈਣ ’ਤੇ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ ਤੇ ਸੜਕ ਪਾਣੀ ਨਾਲ ਭਰ ਕੇ ਨਦੀ ਦਾ ਰੂਪ ਧਾਰ ਲੈਂਦੀ ਹੈ। ਖੇਤਰ ਵਾਸੀਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਮੁਕੰਮਲ ਨਾ ਕੀਤਾ ਗਿਆ ਤਾਂ 19 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਸੜਕ ਦੀ ਉਮਰ ਲੰਬੀ ਨਹੀਂ ਹੋਵੇਗੀ। ਲੋਕਾਂ ਦਾ ਦੋਸ਼ ਹੈ ਕਿ ਠੇਕੇਦਾਰ ਅਤੇ ਸੰਬੰਧਿਤ ਪ੍ਰਸ਼ਾਸਨਿਕ ਅਧਿਕਾਰੀ ਇਸ ਸਮੱਸਿਆ ਵੱਲ ਲੋੜੀਂਦਾ ਧਿਆਨ ਨਹੀਂ ਦੇ ਰਹੇ। ਉਨ੍ਹਾਂ ਮੰਗ ਕੀਤੀ ਕਿ ਡ੍ਰੇਨੇਜ ਦਾ ਕੰਮ ਜਲਦ ਮੁਕੰਮਲ ਕਰਕੇ ਸੜਕ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾਵੇ।