ਜ਼ੀਰਕਪੁਰ, 18 ਅਗਸਤ (ਮਨਿੰਦਰ ਸਿੰਘ)-ਵੀ. ਆਈ. ਪੀ. ਰੋਡ ‘ਤੇ ਸਥਿਤ ਕੇਸਰੀ ਪਲਾਜ਼ਾ ਵਿਖੇ ਇਕ ਪਰਿਵਾਰ ਨਾਲ ਕੁੱਟਮਾਰ ਅਤੇ ਲੁੱਟ-ਖੋਹ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜ਼ੀਰਕਪੁਰ ਪੁਲਿਸ ਨੇ ਪੀੜਤ ਦੀ ਸ਼ਿਕਾਇਤ ‘ਤੇ ਪਿੰਡ ਛੱਤ ਦੇ ਰਹਿਣ ਵਾਲੇ ਮਨਜੀਤ ਸਿੰਘ ਸਮੇਤ 8-9 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਰਾਜਦੀਪ ਸਿੰਘ ਵਾਸੀ ਜ਼ੀਰਕਪੁਰ ਨੇ ਦੱਸਿਆ ਕਿ 15 ਅਗਸਤ ਦੀ ਰਾਤ ਕਰੀਬ 10.30 ਵਜੇ ਉਹ ਆਪਣੇ ਭਰਾ ਗਗਨਦੀਪ ਸਿੰਘ, ਪਤਨੀ ਨਿਧੀ ਅਤੇ ਬੱਚਿਆਂ ਨਾਲ ਕੇਸਰੀ ਪਲਾਜ਼ਾ ਦੀ ਇਕ ਦੁਕਾਨ ‘ਤੇ ਗਿਆ ਸੀ। ਇਸੇ ਦੌਰਾਨ ਉਸ ਦੀ ਕਾਰ ਨੇੜੇ ਸਿਗਰਟ ਪੀ ਰਿਹਾ ਇਕ ਵਿਅਕਤੀ ਉਸ ਦੀ ਨਾਬਾਲਗ ਧੀ ਵੱਲ ਅਸ਼ਲੀਲ ਇਸ਼ਾਰੇ ਕਰਨ ਲੱਗ ਪਿਆ। ਜਦੋਂ ਰਾਜਦੀਪ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਬਦਸਲੂਕੀ ਸ਼ੁਰੂ ਕਰ ਦਿੱਤੀ। ਰਾਜਦੀਪ ਅਨੁਸਾਰ ਜਦੋਂ ਉਹ ਡਰ ਕੇ ਕਾਰ ‘ਚ ਬੈਠ ਕੇ 112 ਨੰਬਰ ‘ਤੇ ਪੁਲਿਸ ਨੂੰ ਫ਼ੋਨ ਕਰਨ ਲੱਗਾ ਤਾਂ ਮੁਲਜ਼ਮ ਨੇ ਮੌਕੇ ‘ਤੇ 8-9 ਹੋਰ ਸਾਥੀਆਂ ਨੂੰ ਬੁਲਾ ਲਿਆ। ਆਉਂਦਿਆਂ ਹੀ ਉਨ੍ਹਾਂ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ। ਜਦੋਂ ਭਰਾ ਗਗਨਦੀਪ ਅਤੇ ਪਤਨੀ ਨਿਧੀ ਬਚਾਅ ਲਈ ਅੱਗੇ ਆਏ ਤਾਂ ਹਮਲਾਵਰਾਂ ਨੇ ਗਗਨਦੀਪ ‘ਤੇ ਲੋਹੇ ਦੀਆਂ ਰੋਡਾਂ ਅਤੇ ਤੰਦੂਰ ਦੀਆਂ ਛੜਾਂ ਨਾਲ ਹਮਲਾ ਕਰ ਦਿੱਤਾ। ਪਤਨੀ ਦੇ ਪੇਟ ‘ਚ ਵੀ ਲੱਤਾਂ ਮਾਰੀਆਂ। ਪਰਿਵਾਰ ਜਾਨ ਬਚਾਉਣ ਲਈ ਦੁਕਾਨ ਦੇ ਅੰਦਰ ਦਾਖਲ ਹੋਇਆ, ਪਰ ਹਮਲਾਵਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਉਨ੍ਹਾਂ ਨੂੰ ਬਾਹਰ ਕੱਢ ਲਿਆ ਅਤੇ ਦੁਬਾਰਾ ਬੇਰਹਿਮੀ ਨਾਲ ਕੁੱਟਮਾਰ ਕੀਤੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਫ਼ਰਾਰ ਹੋਣ ਸਮੇਂ ਮੁਲਜ਼ਮ ਉਸ ਦੀ ਪਤਨੀ ਦੇ ਗਲ ‘ਚੋਂ ਕਰੀਬ 2 ਤੋਲੇ ਦੀ ਸੋਨੇ ਦੀ ਚੇਨ ਅਤੇ ਮੰਗਲ-ਸੂਤਰ ਵੀ ਝਪਟ ਕੇ ਲੈ ਗਏ। ਹਮਲਾਵਰ ਹਥਿਆਰ ਲਹਿਰਾਉਂਦੇ ਹੋਏ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਜ਼ਖ਼ਮੀਆਂ ਨੂੰ ਢਕੌਲੀ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿਥੇ ਗਗਨਦੀਪ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਜੀ. ਐਮ. ਸੀ. ਐਚ. ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।