ਐੱਸ. ਏ. ਐੱਸ. ਨਗਰ, 14 ਅਗਸਤ (ਪ੍ਰੋ. ਅਵਤਾਰ ਸਿੰਘ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਆਤਮਾ ਸਕੀਮ ਤਹਿਤ ਜ਼ਿਲ੍ਹਾ ਮੁਹਾਲੀ ਦੇ ਚੁਣੇ ਗਏ 10 ਮੱਛੀ-ਪਾਲਕਾਂ ਨੂੰ ਮੱਛੀ ਪੂੰਗ ਮੁਹੱਈਆ ਕਰਵਾਇਆ ਗਿਆ। ਇਹ ਮੱਛੀ ਪੂੰਗ ਪਿੰਡ ਬਾਗੜੀਆਂ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਸਥਿਤ ਮੱਛੀ ਪੂੰਗ ਫਾਰਮ ਤੋਂ ਉਪਲੱਬਧ ਕਰਵਾਇਆ ਗਿਆ। ਇਸ ਪਹਿਲ ਦਾ ਮੁੱਖ ਉਦੇਸ਼ ਜ਼ਿਲ੍ਹੇ ‘ਚ ਮੱਛੀ-ਪਾਲਣ ਦੇ ਕਿੱਤੇ ਨੂੰ ਵਿਗਿਆਨਕ ਅਤੇ ਆਧੁਨਿਕ ਢੰਗ ਨਾਲ ਉਤਸ਼ਾਹਿਤ ਕਰਨਾ ਅਤੇ ਮੱਛੀ ਕਾਸ਼ਤਕਾਰਾਂ ਨੂੰ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣਾ ਹੈ। ਆਤਮਾ ਸਕੀਮ ਤਹਿਤ ਚੁਣੇ ਗਏ ਮੱਛੀ ਕਾਸ਼ਤਕਾਰਾਂ ਦੇ ਤਲਾਬਾਂ ‘ਚ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ, ਜਿਨ੍ਹਾਂ ਰਾਹੀਂ ਹੋਰ ਕਿਸਾਨਾਂ ਤੇ ਮੱਛੀ-ਪਾਲਕਾਂ ਨੂੰ ਤਲਾਬ ਪ੍ਰਬੰਧਨ, ਮੱਛੀਆਂ ਦੀ ਖੁਰਾਕ, ਪਾਣੀ ਦੀ ਗੁਣਵੱਤਾ ਅਤੇ ਉਤਪਾਦਨ ਵਧਾਉਣ ਸੰਬੰਧੀ ਵਿਗਿਆਨਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਬਾਬਤ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਮੱਛੀ-ਪਾਲਣ ਮੁਹਾਲੀ ਹਰਦੀਪ ਕੌਰ ਨੇ ਦੱਸਿਆ ਕਿ ਆਤਮਾ ਸਕੀਮ ਅਧੀਨ ਕਰਵਾਈਆਂ ਜਾ ਰਹੀਆਂ ਇਹ ਗਤੀਵਿਧੀਆਂ ਮੱਛੀ-ਪਾਲਕਾਂ ਨੂੰ ਆਧੁਨਿਕ ਅਤੇ ਵਿਗਿਆਨਕ ਤਰੀਕੇ ਅਪਣਾਉਣ ਲਈ ਉਤਸ਼ਾਹਿਤ ਕਰਨ ‘ਚ ਸਹਾਈ ਸਿੱਧ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਦਰਸ਼ਨੀਆਂ ਰਾਹੀਂ ਮੱਛੀ-ਪਾਲਕਾਂ ਨੂੰ ਵਿਵਹਾਰਕ ਤੌਰ ‘ਤੇ ਨਵੀਆਂ ਤਕਨੀਕਾਂ ਦੀ ਜਾਣਕਾਰੀ ਮਿਲ ਰਹੀ ਹੈ, ਜਿਸ ਨਾਲ ਮੱਛੀ ਉਤਪਾਦਨ ‘ਚ ਵਾਧੇ ਦੇ ਨਾਲ-ਨਾਲ ਕਿਸਾਨਾਂ ਦੀ ਆਮਦਨ ਵਧਾਉਣ ‘ਚ ਵੀ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਮੱਛੀ-ਪਾਲਣ ਨੂੰ ਸਹਾਇਕ ਖੇਤੀਬਾੜੀ ਧੰਦੇ ਵਜੋਂ ਅਪਨਾਉਣ ਵਾਲੇ ਕਿਸਾਨਾਂ ਲਈ ਸਰਕਾਰ ਵਲੋਂ ਵੱਖ-ਵੱਖ ਸਕੀਮਾਂ ਅਤੇ ਤਕਨੀਕੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਮੱਛੀ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਮੱਛੀ-ਪਾਲਣ ਵਿਭਾਗ ਨਾਲ ਸੰਪਰਕ ਕਰਕੇ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਵਿਗਿਆਨਕ ਢੰਗ ਨਾਲ ਮੱਛੀ-ਪਾਲਣ ਦੇ ਕਿੱਤੇ ਨੂੰ ਅਪਣਾ ਕੇ ਆਪਣੀ ਆਮਦਨ ‘ਚ ਵਾਧਾ ਕਰਨ।