30 ਹਜ਼ਾਰ ਰਾਸ਼ਨ ਕਾਰਡ ਡਿਜੀਟਲ ਪ੍ਰਕਿਰਿਆ ਵਿਚ ਫਸੇ, ਗ਼ਰੀਬਾਂ ਦੇ ਰਾਸ਼ਨ ’ਤੇ ਭਾਜਪਾ ਦੀ ਨਜ਼ਰ- ਵਿਜੈਪਾਲ ਸਿੰਘ
ਚੰਡੀਗੜ੍ਹ, 8 ਅਗਸਤ (ਅਜਾਇਬ ਸਿੰਘ ਔਜਲਾ) - ਆਮ ਆਦਮੀ ਪਾਰਟੀ ‘ਆਪ’ ਚੰਡੀਗੜ੍ਹ ਨੇ ਕੇਂਦਰ ਸਰਕਾਰ ਵੱਲੋਂ ਰਾਸ਼ਨ ਸਬਸਿਡੀ ਪ੍ਰਣਾਲੀ ਨੂੰ ਮੋਬਾਈਲ ਐਪ ਆਧਾਰਿਤ ਬਣਾਉਣ ’ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਇਸ ਨਾਲ ਸ਼ਹਿਰ ਦੇ ਹਜ਼ਾਰਾਂ ਗ਼ਰੀਬ, ਮਜ਼ਦੂਰ, ਬਜ਼ੁਰਗ, ਪ੍ਰਵਾਸੀ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਲਈ ਨਵੀਆਂ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਸੈਕਟਰ-39 ਸਥਿਤ ‘ਆਪ’ ਦਫ਼ਤਰ ਵਿਖੇ ਪ੍ਰਦੇਸ਼ ਪ੍ਰਧਾਨ ਵਿਜੈਪਾਲ ਸਿੰਘ ਦੀ ਅਗਵਾਈ ਹੇਠ ਹੋਈ ਪੈ੍ਸ ਕਾਨਫ਼ਰੰਸ ਨੂੰ ਸਾਬਕਾ ਮੇਅਰ ਅਤੇ ਸੀਨੀਅਰ ਆਗੂ ਕੁਲਦੀਪ ਕੁਮਾਰ ਅਤੇ ਵਿਰੋਧੀ ਧਿਰ ਦੇ ਨੇਤਾ ਹਰਦੀਪ ਸਿੰਘ ਬੁਟੇਰਲਾ ਨੇ ਸੰਬੋਧਨ ਕੀਤਾ।
ਚ
ਚੰਡੀਗੜ੍ਹ ’ਚ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਵਿਖੇ ‘ਆਪ’ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਵਿਜੈਪਾਲ ਸਿੰਘ,ਸਾਬਕਾ ਮੇਅਰ ਕੁਲਦੀਪ ਕੁਮਾਰ ਅਤੇ ਵਿਰੋਧੀ ਧਿਰ ਦੇ ਨੇਤਾ ਹਰਦੀਪ ਸਿੰਘ ਬੁਟਰੇਲਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ। ਤਸਵੀਰ : ਗੁਰਿੰਦਰ ਸਿੰਘ
09-08-2026
ਚੰਡੀਗੜ੍ਹ, 8 ਅਗਸਤ (ਅਜਾਇਬ ਸਿੰਘ ਔਜਲਾ) - ਆਮ ਆਦਮੀ ਪਾਰਟੀ ‘ਆਪ’ ਚੰਡੀਗੜ੍ਹ ਨੇ ਕੇਂਦਰ ਸਰਕਾਰ ਵੱਲੋਂ ਰਾਸ਼ਨ ਸਬਸਿਡੀ ਪ੍ਰਣਾਲੀ ਨੂੰ ਮੋਬਾਈਲ ਐਪ ਆਧਾਰਿਤ ਬਣਾਉਣ ’ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਇਸ ਨਾਲ ਸ਼ਹਿਰ ਦੇ ਹਜ਼ਾਰਾਂ ਗ਼ਰੀਬ, ਮਜ਼ਦੂਰ, ਬਜ਼ੁਰਗ, ਪ੍ਰਵਾਸੀ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਲਈ ਨਵੀਆਂ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਸੈਕਟਰ-39 ਸਥਿਤ ‘ਆਪ’ ਦਫ਼ਤਰ ਵਿਖੇ ਪ੍ਰਦੇਸ਼ ਪ੍ਰਧਾਨ ਵਿਜੈਪਾਲ ਸਿੰਘ ਦੀ ਅਗਵਾਈ ਹੇਠ ਹੋਈ ਪੈ੍ਸ ਕਾਨਫ਼ਰੰਸ ਨੂੰ ਸਾਬਕਾ ਮੇਅਰ ਅਤੇ ਸੀਨੀਅਰ ਆਗੂ ਕੁਲਦੀਪ ਕੁਮਾਰ ਅਤੇ ਵਿਰੋਧੀ ਧਿਰ ਦੇ ਨੇਤਾ ਹਰਦੀਪ ਸਿੰਘ ਬੁਟੇਰਲਾ ਨੇ ਸੰਬੋਧਨ ਕੀਤਾ। ਵਿਜੈਪਾਲ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਵਿਚ ਕੁੱਲ 83,446 ਰਾਸ਼ਨ ਕਾਰਡ ਹਨ ਅਤੇ ਇਨ੍ਹਾਂ ਤਹਿਤ ਲਗਭਗ 2.8 ਤੋਂ 2.9 ਲੱਖ ਲਾਭਪਾਤਰੀ ਰਾਸ਼ਟਰੀ ਖ਼ੁਰਾਕ ਸੁਰੱਖਿਆ ਕਾਨੂੰਨ ਤਹਿਤ ਰਾਸ਼ਨ ਲੈਣ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਰਾਸ਼ਨ ਵਰਗੀ ਬੁਨਿਆਦੀ ਸਹੂਲਤ ਨੂੰ ਮੋਬਾਈਲ ਐਪ, ਡਿਜੀਟਲ ਪ੍ਰਕਿਰਿਆ ਅਤੇ ਡਿਜੀਟਲ ਕਰੰਸੀ ਨਾਲ ਜੋੜਨਾ ਗ਼ਰੀਬ ਪਰਿਵਾਰਾਂ ਲਈ ਤਕਨੀਕੀ, ਆਰਥਿਕ ਅਤੇ ਦਸਤਾਵੇਜ਼ੀ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜਿਨ੍ਹਾਂ ਪਰਿਵਾਰਾਂ ਕੋਲ ਸਮਾਰਟਫੋਨ, ਇੰਟਰਨੈੱਟ ਜਾਂ ਡਿਜੀਟਲ ਜਾਣਕਾਰੀ ਨਹੀਂ ਹੈ, ਉਹ ਇਸ ਪ੍ਰਣਾਲੀ ਦਾ ਲਾਭ ਕਿਵੇਂ ਲੈ ਸਕਣਗੇ? ਜੇ ਕੋਈ ਯੋਗ ਲਾਭਪਾਤਰੀ ਐਪ ਡਾਊਨਲੋਡ ਕਰਨ ਜਾਂ ਡਿਜੀਟਲ ਪ੍ਰਕਿਰਿਆ ਪੂਰੀ ਕਰਨ ਵਿਚ ਅਸਮਰੱਥ ਰਹਿੰਦਾ ਹੈ ਤਾਂ ਕੀ ਉਸ ਦਾ ਰਾਸ਼ਨ ਜਾਂ ਸਬਸਿਡੀ ਬੰਦ ਕਰ ਦਿੱਤੀ ਜਾਵੇਗੀ? ਉਨ੍ਹਾਂ ਕਿਹਾ ਕਿ ਉਪਲਬਧ ਅੰਕੜਿਆਂ ਅਨੁਸਾਰ 25 ਹਜ਼ਾਰ ਤੋਂ ਵੱਧ ਲਾਭਪਾਤਰੀ ਆਪਣੀ ਜਾਣਕਾਰੀ ਜਮ੍ਹਾਂ ਕਰਵਾ ਚੁੱਕੇ ਹਨ, 22 ਹਜ਼ਾਰ ਤੋਂ ਵੱਧ ਲਾਭਪਾਤਰੀ ਐਪਲੀਕੇਸ਼ਨ ਡਾਊਨਲੋਡ ਕਰ ਚੁੱਕੇ ਹਨ, ਜਦਕਿ ਲਗਭਗ 30 ਹਜ਼ਾਰ ਰਾਸ਼ਨ ਕਾਰਡ ਧਾਰਕ ਅਜੇ ਤੱਕ ਪ੍ਰਕਿਰਿਆ ਪੂਰੀ ਨਹੀਂ ਕਰ ਸਕੇ ਹਨ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿਚ ਲਾਭਪਾਤਰੀਆਂ ਦਾ ਪ੍ਰਕਿਰਿਆ ਤੋਂ ਬਾਹਰ ਰਹਿਣਾ ਸਰਕਾਰ ਦੀ ਡਿਜੀਟਲ ਪ੍ਰਣਾਲੀ ਦੀ ਜ਼ਮੀਨੀ ਹਕੀਕਤ ਅਤੇ ਚੁਣੌਤੀਆਂ ਨੂੰ ਦਰਸਾਉਂਦਾ ਹੈ। ‘ ਆਪ’ ਆਗੂਆਂ ਨੇ ਦੱਸਿਆ ਕਿ ਪ੍ਰਕਿਰਿਆ ਪੂਰੀ ਕਰਵਾਉਣ ਲਈ ਪ੍ਰਸ਼ਾਸਨ ਵਲੋਂ ਹਰ ਰੋਜ਼ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਹ ਕੈਂਪ ਵਿਕਾਸ ਨਗਰ (ਮੌਲੀ ਜਾਗਰਾਂ), ਮਲੋਆ, ਸੈਕਟਰ-25, ਬੁਰੈਲ, ਕਜੇਹੜੀ, ਹੱਲੋਮਾਜਰਾ, ਖੁੱਡਾ ਅਲੀਸ਼ੇਰ, ਸੈਕਟਰ-32, 40, 41, 42 ਅਤੇ 56 ਅਤੇ ਮਨੀਮਾਜਰਾ ਸਮੇਤ ਵੱਖ-ਵੱਖ ਥਾਵਾਂ ’ਤੇ ਲਗਾਏ ਗਏ ਹਨ। ਆਗੂਆਂ ਨੇ ਕਿਹਾ ਕਿ ਮਲੋਆ, ਮੌਲੀ ਜਾਗਰਾਂ, ਮਨੀਮਾਜਰਾ, ਸੈਕਟਰ-25, ਬੁਰੈਲ, ਸੈਕਟਰ-55 ਅਤੇ 56, ਹੱਲੋਮਾਜਰਾ ਅਤੇ ਪਲਸੌਰਾ ਵਿਚ ਅਜੇ ਵੀ ਵੱਡੀ ਗਿਣਤੀ ਵਿਚ ਲਾਭਪਾਤਰੀਆਂ ਦੀ ਪ੍ਰਕਿਰਿਆ ਲੰਬਿਤ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਵਿਰੋਧੀ ਧਿਰ ਦੇ ਨੇਤਾ ਹਰਦੀਪ ਸਿੰਘ ਬੁਟੇਰਲਾ ਨੇ ਕਿਹਾ ਕਿ ਗ਼ਰੀਬ ਪਰਿਵਾਰਾਂ ਲਈ ਸਮਾਰਟਫੋਨ, ਇੰਟਰਨੈੱਟ ਅਤੇ ਹਰ ਮਹੀਨੇ ਮੋਬਾਈਲ ਰੀਚਾਰਜ ਦਾ ਵਾਧੂ ਖਰਚਾ ਚੁੱਕਣਾ ਆਸਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਕਾਰਡ ਨੂੰ ਡਿਜੀਟਲ ਪ੍ਰਣਾਲੀ ਨਾਲ ਜੋੜਨ ਦੇ ਨਾਮ ’ਤੇ ਕੇਵਾਈਸੀ, ਐਪ ਡਾਊਨਲੋਡ ਅਤੇ ਹੋਰ ਰਸਮੀ ਕਾਰਵਾਈਆਂ ਦਾ ਬੋਝ ਵਧਾਇਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਸਪੱਸ਼ਟ ਕਰਨ ਦੀ ਮੰਗ ਕੀਤੀ ਕਿ ਜਿਨ੍ਹਾਂ ਲਾਭਪਾਤਰੀਆਂ ਕੋਲ ਸਮਾਰਟਫੋਨ ਨਹੀਂ ਹਨ, ਉਨ੍ਹਾਂ ਲਈ ਕੀ ਵਿਕਲਪਿਕ ਪ੍ਰਬੰਧ ਹੈ ਅਤੇ ਇਹ ਕਿਵੇਂ ਯਕੀਨੀ ਬਣਾਇਆ ਜਾਵੇਗਾ ਕਿ ਤਕਨੀਕੀ ਕਾਰਨਾਂ ਕਰਕੇ ਕਿਸੇ ਵੀ ਯੋਗ ਪਰਿਵਾਰ ਦਾ ਰਾਸ਼ਨ ਜਾਂ ਰਾਸ਼ਨ ਕਾਰਡ ਪ੍ਰਭਾਵਿਤ ਨਾ ਹੋਵੇ। ਸਾਬਕਾ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਡਿਜੀਟਲ ਪ੍ਰਣਾਲੀ ਲਾਗੂ ਕਰਨ ਤੋਂ ਪਹਿਲਾਂ ਸਰਕਾਰ ਨੂੰ ਜ਼ਮੀਨੀ ਹਕੀਕਤ ਨੂੰ ਸਮਝਣਾ ਚਾਹੀਦਾ ਹੈ। ਵੱਡੀ ਗਿਣਤੀ ਵਿਚ ਗ਼ਰੀਬ ਔਰਤਾਂ, ਬਜ਼ੁਰਗ ਅਤੇ ਘੱਟ ਪੜ੍ਹੇ-ਲਿਖੇ ਲੋਕ ਸਮਾਰਟਫੋਨ ਅਤੇ ਮੋਬਾਈਲ ਐਪ ਦੀ ਵਰਤੋਂ ਕਰਨ ਵਿਚ ਸਮਰੱਥ ਨਹੀਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲਾਭਪਾਤਰੀਆਂ ਨੂੰ ਸਹਾਇਤਾ, ਸਿਖਲਾਈ ਅਤੇ ਆਫਲਾਈਨ ਵਿਕਲਪ ਮੁਹੱਈਆ ਕਰਵਾਉਣਾ ਜ਼ਰੂਰੀ ਹੈ। ਸਿਰਫ਼ ਐਪ ਡਾਊਨਲੋਡ ਕਰਵਾ ਦੇਣਾ ਡਿਜੀਟਲ ਸਸ਼ਕਤੀਕਰਨ ਨਹੀਂ ਹੈ; ਅਸਲ ਮਕਸਦ ਇਹ ਹੋਣਾ ਚਾਹੀਦਾ ਹੈ ਕਿ ਹਰ ਯੋਗ ਵਿਅਕਤੀ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਉਸ ਦਾ ਹੱਕ ਮਿਲੇ। ਕੁਲਦੀਪ ਕੁਮਾਰ ਨੇ ਕਿਹਾ ਕਿ ਜੇ ਡਿਜੀਟਲ ਕਰੰਸੀ ਨੂੰ ਨਿਰਧਾਰਤ ਸਮੇਂ ਅੰਦਰ ਵਰਤਣਾ ਲਾਜ਼ਮੀ ਹੈ ਅਤੇ ਇਸ ਦੇ ਵਾਪਸ ਚਲੇ ਜਾਣ ਜਾਂ ਲੈਪਸ ਹੋਣ ਦੀ ਸਥਿਤੀ ਬਣਦੀ ਹੈ ਤਾਂ ਇਹ ਗ਼ਰੀਬ ਲਾਭਪਾਤਰੀਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਸਰਕਾਰ ਨੂੰ ਇਸ ਪੂਰੀ ਪ੍ਰਣਾਲੀ ਸਬੰਧੀ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ। ‘ ਆਪ’ ਆਗੂਆਂ ਨੇ ਕਿਹਾ ਕਿ ਜੇ ਸਰਕਾਰ ਦਾ ਅਸਲ ਮਕਸਦ ਗ਼ਰੀਬਾਂ ਤੱਕ ਰਾਸ਼ਨ ਪਹੁੰਚਾਉਣਾ ਹੈ ਤਾਂ ਪ੍ਰਣਾਲੀ ਸਰਲ, ਪਾਰਦਰਸ਼ੀ ਅਤੇ ਲੋਕਾਂ ਦੀ ਪਹੁੰਚ ਵਿਚ ਹੋਣੀ ਚਾਹੀਦੀ ਹੈ।