30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਹਸਪਤਾਲ ’ਚ ਦਾਖ਼ਲ ਮਰੀਜ਼ ਦੀ ਕੁੱਟਮਾਰ ਦੇ ਮਾਮਲੇ ’ਚ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਨਿਹੰਗ ਸਿੰਘਾਂ ਨੇ ਲਗਾਇਆ ਜਾਮ

ਅਜੀਤ ਡੈਸਕ 01-07-2026
ਖਰੜ, 30 ਜੂਨ (ਜੰਡਪੁਰੀ)-ਕੁਝ ਦਿਨ ਪਹਿਲਾਂ ਪਿੰਡ ਰਾਏਪੁਰ ਵਿਖੇ ਹੋਏ ਝਗੜੇ ਦੌਰਾਨ ਜ਼ਖ਼ਮੀ ਹੋਣ ਕਾਰਨ ਖਰੜ ਦੇ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ਼ ਮਰੀਜ਼ ਦੀ ਅਣਪਛਾਤੇ ਵਿਅਕਤੀਆਂ ਵਲੋਂ ਕੁੱਟਮਾਰ ਕਰਨ ਦੇ ਮਾਮਲੇ ‘ਚ ਕੋਈ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਨਿਹੰਗ ਸਿੰਘਾਂ ਵਲੋਂ ਮਰੀਜ਼ ਨੂੰ ਸਟਰੇਚਰ ‘ਤੇ ਪਾ ਕੇ ਪਹਿਲਾਂ ਸਿਵਲ ਹਸਪਤਾਲ ਖਰੜ ਨੂੰ ਜਾਂਦੀ ਸੜਕ ਤੇ ਫ਼ਿਰ ਬੱਸ ਸਟੈਂਡ ਵਿਖੇ ਧਰਨਾ ਦਿੰਦਿਆਂ ਜਾਮ ਲਗਾ ਦਿੱਤਾ ਗਿਆ। ਇਸ ਸੰਬੰਧੀ ਜ਼ੇਰੇ ਇਲਾਜ ਦੀਪ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਵਾਸੀ ਪਿੰਡ ਰਾਏਪੁਰ ਅਤੇ ਨਿਹੰਗ ਸ਼ੇਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਰਾਏਪੁਰ ਵਿਖੇ ਹੋਏ ਝਗੜੇ ਦੌਰਾਨ ਉਨ੍ਹਾਂ ਦਾ ਪੁੱਤਰ ਲੜਾਈ ਛੁਡਵਾਉਣ ਲਈ ਗਿਆ ਸੀ, ਪਰ ਇਸ ਦੌਰਾਨ ਉਸ ਦੇ ਸੱਟਾਂ ਲੱਗ ਗਈਆਂ, ਜਿਸ ਕਾਰਨ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਖਰੜ ਵਿਖੇ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਦੇਰ ਰਾਤ ਹਸਪਤਾਲ ‘ਚ ਦਾਖ਼ਲ ਹੋਏ ਕੁਝ ਅਣਪਛਾਤੇ ਵਿਅਕਤੀਆਂ ਨੇ ਦੀਪ ਸਿੰਘ ‘ਤੇ ਮੁੜ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਨੇ ਪੁਲਿਸ ਨੂੰ ਵੀ ਸੂਚਿਤ ਕੀਤਾ ਸੀ, ਪਰ ਜਾਮ ਲਗਾਏ ਜਾਣ ਤੱਕ ਪੁਲਿਸ ਨੇ ਦੂਜੀ ਪਾਰਟੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਜ਼ਖ਼ਮੀ ਦੇ ਬਿਆਨ ਦਰਜ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਤੋਂ ਪ੍ਰੇਸ਼ਾਨ ਹੋ ਕੇ ਹੀ ਉਨ੍ਹਾਂ ਨੂੰ ਅਜਿਹਾ ਸਖ਼ਤ ਕਦਮ ਚੁੱਕਣਾ ਪਿਆ। ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ। ਇਸੇ ਦੌਰਾਨ ਜਾਮ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ ‘ਤੇ ਪੁੱਜੇ ਥਾਣਾ ਸਿਟੀ ਖਰੜ ਦੇ ਮੁਖੀ ਅਮਰਿੰਦਰ ਸਿੰਘ ਨੇ ਸਥਿਤੀ ਨੂੰ ਕਾਬੂ ਕੀਤਾ ਅਤੇ ਨਿਹੰਗ ਸਿੰਘਾਂ ਨੂੰ ਜਲਦ ਜਾਂਚ ਦਾ ਭਰੋਸਾ ਦਿੱਤਾ।
ਪਿਛਲੀ ਖ਼ਬਰ ਗੁਰਦੁਆਰਾ ਸਤਲਾਣੀ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਮੁਹਾਲੀ ਦੇ ਵਾ. ਨੰ. 6 ’ਚ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ ਰਜਿਸਟ੍ਰੇਸ਼ਨ ਮੁਹਿੰਮ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।