ਪੰਚਕੂਲਾ, 23 ਜੂਨ (ਕਪਿਲ)-ਹਰਿਆਣਾ ਦੇ ਖਾਦ, ਨਾਗਰਿਕ ਸਪਲਾਈ ਅਤੇ ਉਪਭੋਗਤਾ ਮਾਮਲੇ ਬਾਰੇ ਮੰਤਰੀ ਰਾਜੇਸ਼ ਨਾਗਰ ਨੇ ਕਿਹਾ ਕਿ ਹਰਿਆਣਾ ਦੀ ਖੇਡ ਨੀਤੀ ਦੇਸ਼ ਭਰ ‘ਚੋਂ ਨੰਬਰ 1 ਹੈ ਅਤੇ ਸੂਬੇ ਦੇ ਖਿਡਾਰੀਆਂ ਨੇ ਦੇਸ਼ ‘ਚ ਹੀ ਨਹੀਂ, ਸਗੋਂ ਵਿਦੇਸ਼ਾਂ ‘ਚ ਵੀ ਤਗ਼ਮੇ ਜਿੱਤ ਕੇ ਹਰਿਆਣਾ ਦਾ ਮਾਣ ਵਧਾਇਆ ਹੈ। ਉਹ ਸੈਕਟਰ-1 ਸਥਿਤ ਰੈੱਡ ਬਿਸ਼ਪ ਵਿਖੇ ਸਵ. ਰਤਨ ਲਾਲ ਕਟਾਰੀਆ ਨਾਰਥ ਜ਼ੋਨ ਬੁਆਇਜ਼/ਗਰਲਜ਼ ਕੰਬਾਈਨਡ ਅੰਡਰ-14 ਕ੍ਰਿਕਟ ਟੂਰਨਾਮੈਂਟ ਦੇ ਦੂਜੇ ਐਡੀਸ਼ਨ ਦੀ ਟਰਾਫ਼ੀ ਨੂੰ ਲੋਕ-ਅਰਪਣ ਕਰਨ ਸੰਬੰਧੀ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਕੈਬਨਿਟ ਮੰਤਰੀ ਰਾਜੇਸ਼ ਨਾਗਰ ਨੇ ਰਤਨ ਲਾਲ ਕਟਾਰੀਆ ਸੇਵਾ ਟਰੱਸਟ ਲਈ 5 ਲੱਖ ਰੁ. ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਨੌਜਵਾਨ ਖਿਡਾਰੀਆਂ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਟੂਰਨਾਮੈਂਟ ਸਾਬਕਾ ਕੇਂਦਰੀ ਮੰਤਰੀ ਅਤੇ ਅੰਬਾਲਾ ਤੋਂ ਸੰਸਦ ਮੈਂਬਰ ਰਹੇ ਸਵ. ਰਤਨ ਲਾਲ ਕਟਾਰੀਆ ਦੀ ਯਾਦ ‘ਚ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਟੂਰਨਾਮੈਂਟ ਸੀ. ਐਫ. ਐਚ. ਹਰਿਆਣਾ (ਰਜਿਸਟਰਡ) ਅਤੇ ਰਤਨ ਲਾਲ ਕਟਾਰੀਆ ਸੇਵਾ ਟਰੱਸਟ ਵਲੋਂ ਕਰਵਾਇਆ ਜਾ ਰਿਹਾ ਹੈ। ਸਮਾਗਮ ਦੌਰਾਨ ਅੰਬਾਲਾ ਜ਼ਿਲ੍ਹੇ ਦੀਆਂ ਪੰਜ ਗ੍ਰਾਮ ਪੰਚਾਇਤਾਂ ਨੂੰ ਕ੍ਰਿਕਟ ਦਾ ਸਾਰਾ ਲੋੜੀਂਦਾ ਸਾਮਾਨ ਸਮੇਤ ਪੰਜ ਕ੍ਰਿਕਟ ਕਿੱਟਾਂ ਵੀ ਵੰਡੀਆਂ ਗਈਆਂ। ਇਸੇ ਦੌਰਾਨ ਸੀ. ਐਫ. ਐਚ. ਦੇ ਜਨਰਲ ਸੈਕਟਰੀ ਅਮਰਜੀਤ ਕੁਮਾਰ ਨੇ ਦੱਸਿਆ ਕਿ ਉੱਤਰੀ ਭਾਰਤ ਦੀਆਂ 10 ਟੀਮਾਂ ਨੇ ਟੂਰਨਾਮੈਂਟ ‘ਚ ਭਾਗ ਲੈਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੇ ਮੈਚ ਪੰਚਕੂਲਾ ਦੇ ਟੀ. ਡੀ. ਐਲ. ਕ੍ਰਿਕਟ ਸਟੇਡੀਅਮ, ਚੰਡੀਗੜ੍ਹ ਦੇ ਇੰਦਰਜੀਤ ਕ੍ਰਿਕਟ ਗਰਾਊਂਡ ਅਤੇ ਡੇਰਾਬੱਸੀ ਦੇ ਆਈ. ਵੀ. ਸੀ. ਏ. ਕ੍ਰਿਕਟ ਗਰਾਊਂਡ ‘ਚ ਖੇਡੇ ਜਾਣਗੇ। ਇਸੇ ਦੌਰਾਨ ਟੂਰਨਾਮੈਂਟ ਦੀ ਕੋਆਰਡੀਨੇਟਰ ਬੰਤੋ ਕਟਾਰੀਆ ਨੇ ਦੱਸਿਆ ਕਿ ਗ੍ਰੈਂਡ ਫਾਈਨਲ ਅਤੇ ਇਨਾਮ ਵੰਡ ਸਮਾਰੋਹ 30 ਜੂਨ ਨੂੰ ਟੀ. ਡੀ. ਐਲ. ਕ੍ਰਿਕਟ ਸਟੇਡੀਅਮ ਪੰਚਕੂਲਾ ਵਿਖੇ ਕਰਵਾਇਆ ਜਾਵੇਗਾ। ਇਸ ਮੌਕੇ ਹਰਿਆਣਾ ਸ਼ਿਵਾਲਿਕ ਬੋਰਡ ਦੇ ਉਪ ਚੇਅਰਮੈਨ ਓਮ ਪ੍ਰਕਾਸ਼ ਦੇਵੀਨਗਰ, ਸਮਾਜ ਸੇਵੀ ਡਾ. ਪ੍ਰਦੀਪ ਗੋਇਲ, ਸਾਬਕਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ, ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਯੋਗੇਂਦਰ ਸ਼ਰਮਾ ‘ਯੋਗੀ’, ਰੰਜੀਤਾ ਮਹਿਤਾ, ਸੁਰਿੰਦਰ ਗੋਇਲ ਤੇ ਆਸ਼ੀਸ਼ ਕੁਮਾਰ ਰਾਏ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ।