ਡੇਰਾਬੱਸੀ, 16 ਮਈ (ਗੁਰਮੀਤ ਸਿੰਘ)- ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਅੰਤਿਮ ਦਿਨ 158 ਉਮੀਦਵਾਰਾਂ ਨੇ ਐਸ. ਡੀ. ਐਮ.-ਕਮ-ਰਿਟਰਨਿੰਗ ਅਫ਼ਸਰ ਅਮਿਤ ਗੁਪਤਾ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ, ਜਦਕਿ ਇਸ ਤੋਂ ਪਹਿਲਾਂ ਚਾਰ ਆਜ਼ਾਦ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ | ਡੇਰਾਬੱਸੀ 'ਚ ਹੁਣ ਕੁੱਲ 162 ਉਮੀਦਵਾਰ ਚੋਣ ਮੈਦਾਨ 'ਚ ਹਨ, ਜਿਨ੍ਹਾਂ 'ਚ ਮੁੱਖ ਉਮੀਦਵਾਰਾਂ ਦੇ ਕਵਰਿੰਗ ਉਮੀਦਵਾਰ ਵੀ ਸ਼ਾਮਿਲ ਹਨ | ਅੱਜ ਸਾਰੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ | ਭਾਜਪਾ ਨੇ ਕੁੱਲ 19 ਵਾਰਡਾਂ 'ਚੋਂ 17 ਵਾਰਡਾਂ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ, ਜਦਕਿ ਵਾਰਡ ਨੰ. 17 ਅਤੇ 19 'ਚ ਭਾਜਪਾ ਨੇ ਕੋਈ ਵੀ ਉਮੀਦਵਾਰ ਖੜ੍ਹਾ ਨਹੀਂ ਕੀਤਾ |