ਦੁਬਈ ਭੇਜਣ ਦੇ ਨਾਂਅ 'ਤੇ 6 ਲੱਖ ਰੁਪਏ ਦੀ ਠੱਗੀ
ਅਜੀਤ ਡੈਸਕ
07-05-2026
ਚੰਡੀਗੜ੍ਹ, 6 ਮਈ (ਕਪਿਲ ਵਧਵਾ)- ਵਿਦੇਸ਼ ਭੇਜਣ ਦੇ ਨਾਮ 'ਤੇ 6 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮੌਲੀ ਜੱਗਰਾਂ ਥਾਣਾ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਮੌਲੀ ਜੱਗਰਾਂ ਵਾਸੀ ਮੁਹੰਮਦ ਸ਼ਾਕਿਰ ਨੇ ਦੱਸਿਆ ਕਿ ਦਿਲਸ਼ਾਦ ਤੇ ਦਿਨੇਸ਼ ਵਾਸੀ ਪਿੰਡ ਹਰਸ਼ਵਾਡਾ ਜ਼ਿਲ੍ਹਾ ਬਿਜਨੌਰ (ਉੱਤਰ ਪ੍ਰਦੇਸ਼) ਨੇ ਉਸ ਨੂੰ ਦੁਬਈ ਵਿਚ ਵਰਕ ਵੀਜ਼ਾ ਲਗਵਾਉਣ ਦਾ ਝਾਂਸਾ ਦਿੱਤਾ ਸੀ | ਮੁਲਜ਼ਮਾਂ ਨੇ ਉਸ ਤੋਂ ਇਸ ਕੰਮ ਦੇ ਬਦਲੇ 6 ਲੱਖ ਰੁਪਏ ਲੈ ਲਏ ਪਰ ਨਾ ਤਾਂ ਉਸ ਨੂੰ ਵੀਜ਼ਾ ਲਗਵਾ ਕੇ ਦਿੱਤਾ ਗਿਆ ਤੇ ਨਾ ਹੀ ਰਕਮ ਵਾਪਸ ਕੀਤੀ ਗਈ | ਇਸ ਤੋਂ ਇਲਾਵਾ ਜਦੋਂ ਸ਼ਿਕਾਇਤ ਕਰਤਾ ਨੇ ਉਕਤ ਵਿਅਕਤੀਆਂ ਤੋਂ ਆਪਣੇ ਪੈਸੇ ਮੰਗੇ ਤਾਂ ਉਨ੍ਹਾਂ ਉਸ ਨਾਲ ਗਾਲੀ ਗਲੋਚ ਵੀ ਕੀਤੀ | ਸ਼ਿਕਾਇਤ ਦੇ ਆਧਾਰ 'ਤੇ ਮੌਲੀ ਜੱਗਰਾਂ ਥਾਣਾ ਪੁਲਿਸ ਨੇ ਧੋਖਾਧੜੀ ਦੀ ਇਹ ਘਟਨਾ ਕੁਝ ਸਾਲ ਪੁਰਾਣੀ ਹੋਣ ਕਾਰਨ ਮੁਲਜ਼ਮਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |