ਡੇਰਾਬੱਸੀ, 1 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਨਜ਼ਦੀਕੀ ਪਿੰਡ ਮੁਬਾਰਿਕਪੁਰ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਕ ਸਨਸਨੀਖੇਜ਼ ਘਟਨਾ ਵਾਲੇ ਮਾਮਲੇ 'ਚ ਪੁਲਿਸ ਨੇ 4 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ | ਇਸ ਮਾਮਲੇ 'ਚ 10ਵੀਂ ਜਮਾਤ ਦੇ 16 ਸਾਲਾ ਵਿਦਿਆਰਥੀ ਨੂੰ ਅਗਵਾ ਕਰਨ ਤੋਂ ਬਾਅਦ ਉਸ ਨੂੰ ਜਿਊਾਦਾ ਸਾੜਨ ਦੀ ਕੋਸ਼ਿਸ਼ ਕੀਤੀ ਗਈ | ਉਕਤ ਮਾਮਲੇ ਦੀ ਜਾਣਕਾਰੀ ਦਿੰਦਿਆਂ ਹਸਪਤਾਲ ਵਿਚ ਦਾਖ਼ਲ ਪੀੜਤ ਨਿਖਿਲ ਕੁਮਾਰ (16) ਪੁੱਤਰ ਦੀਪਕ ਕੁਮਾਰ ਵਾਸੀ ਮੁਬਾਰਿਕਪੁਰ ਨੇ ਦੱਸਿਆ ਕਿ ਬੀਤੀ 30 ਮਾਰਚ ਦੀ ਸ਼ਾਮ ਕਰੀਬ 3:30 ਵਜੇ ਜਦੋਂ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਤਾਂ ਚਾਰ ਅਣਪਛਾਤੇ ਵਿਅਕਤੀ ਉਥੇ ਆਏ, ਜਿਨ੍ਹਾਂ 'ਚੋਂ ਇਕ ਨੇ ਉਸ ਨੂੰ ਕੋਈ ਨਸ਼ੀਲੀ ਚੀਜ਼ ਸੁੰਘਾ ਦਿੱਤੀ, ਜਿਸ ਨਾਲ ਉਹ ਬੇਹੋਸ਼ ਹੋ ਗਿਆ | ਨਿਖਿਲ ਅਨੁਸਾਰ ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਕਿਸੇ ਸੁਨਸਾਨ ਜਗ੍ਹਾ 'ਤੇ ਸੀ ਅਤੇ ਮੁਲਜ਼ਮਾਂ ਨੇ ਉਸ ਨੂੰ ਫੜਿਆ ਹੋਇਆ ਸੀ ਅਤੇ ਉਹ ਆਪਸ 'ਚ ਗੱਲਾਂ ਕਰ ਰਹੇ ਸਨ ਕਿ ਇਸ ਦੀਆਂ ਲੱਤਾਂ-ਬਾਹਾਂ ਤੋੜ ਕੇ ਇਸ ਕੋਲੋਂ ਭੀਖ ਮੰਗਵਾਈ ਜਾਵੇਗੀ | ਇਸ ਦੌਰਾਨ ਜਦੋਂ ਨਿਖਿਲ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸ ਦੇ ਸਿਰ 'ਤੇ ਡੀਜ਼ਲ ਪਾ ਕੇ ਮਾਚਿਸ ਨਾਲ ਅੱਗ ਲਗਾ ਦਿੱਤੀ, ਪਰ ਪੀੜਤ ਨੇ ਹਿੰਮਤ ਦਿਖਾਉਂਦੇ ਹੋਏ ਜ਼ਮੀਨ 'ਤੇ ਲੇਟ ਕੇ ਮਿੱਟੀ ਨਾਲ ਅੱਗ ਬੁਝਾਈ | ਉਸ ਨੂੰ ਬੁਰੀ ਤਰ੍ਹਾਂ ਝੁਲਸਿਆ ਦੇਖ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ | ਨਿਖਿਲ ਨੇ ਕਿਸੇ ਤਰ੍ਹਾਂ ਸੜਕ ਤੱਕ ਪਹੁੰਚ ਕੇ ਆਟੋ ਲਿਆ ਅਤੇ ਆਪਣੇ ਪਿਤਾ ਦੀ ਕੁਲਚਿਆਂ ਦੀ ਰੇਹੜੀ ਕੋਲ ਪਹੁੰਚਿਆ, ਜਿਸ ਮਗਰੋਂ ਪਰਿਵਾਰ ਵਲੋਂ ਉਸ ਨੂੰ ਤੁਰੰਤ ਡੇਰਾਬੱਸੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ | ਉਕਤ ਮਾਮਲੇ ਦੀ ਤਫਤੀਸ਼ ਕਰ ਰਹੇ ਸਹਾਇਕ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |