ਚੰਡੀਗੜ੍ਹ, 1 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਐਚ.ਐਸ. ਫੂਲਕਾ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਐਡਵੋਕੇਟ ਫੂਲਕਾ ਦਾ ਇਹ ਫ਼ੈਸਲਾ ਭਾਜਪਾ ਲਈ ਮਜ਼ਬੂਤੀ ਦਾ ਕਾਰਨ ਬਣੇਗਾ | ਇਸ ਨਾਲ ਸਿੱਖ ਕੌਮ ਵਿਚ ਪਾਰਟੀ ਪ੍ਰਤੀ ਭਰੋਸਾ ਵੱਧ ਰਿਹਾ ਹੈ ਅਤੇ ਵਿਰੋਧੀਆਂ ਦੇ ਦੋਸ਼ ਖ਼ੁਦ ਬ ਖ਼ੁਦ ਹੀ ਖ਼ਾਰਜ ਹੋ ਰਹੇ ਹਨ | ਜਾਖੜ ਨੇ ਕਿਹਾ ਕਿ ਫੂਲਕਾ ਨੇ ਸਿੱਖ ਕੌਮ ਲਈ ਨਿਆਂ ਦੀ ਲੜਾਈ ਨਿਡਰ ਹੋ ਕੇ ਲੜੀ ਹੈ ਅਤੇ ਉਨ੍ਹਾਂ ਦੀ ਸੇਵਾ ਨੂੰ ਹਰ ਵਰਗ ਵਲੋਂ ਸਤਿਕਾਰ ਮਿਲਦਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਸਿੱਖ ਕੌਮ ਦੀ ਚੜ੍ਹਦੀਕਲਾ ਲਈ ਕੀਤੇ ਗਏ ਯਤਨਾਂ ਕਾਰਨ ਹੀ ਅੱਜ ਐਡਵੋਕੇਟ ਐਚ.ਐਸ. ਫੂਲਕਾ ਵਰਗੇ ਉੱਚੇ ਕਿਰਦਾਰ ਵਾਲੇ ਆਗੂ ਭਾਜਪਾ ਨਾਲ ਜੁੜ ਰਹੇ ਹਨ | ਉਨ੍ਹਾਂ ਨੇ ਫੂਲਕਾ ਦਾ ਸਵਾਗਤ ਕਰਦਿਆਂ ਕਿਹਾ ਕਿ ਸੱਚ ਦੇ ਸਾਹਮਣੇ ਝੂਠ ਟਿਕ ਨਹੀਂ ਸਕਦਾ ਅਤੇ ਇਹ ਸ਼ਾਮਿਲ ਹੋਣਾ ਉਸਦੀ ਪੁਸ਼ਟੀ ਕਰਦਾ ਹੈ |