ਖਰੜ, 1 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਥਾਣਾ ਸਦਰ ਖਰੜ ਦੀ ਪੁਲਿਸ ਨੇ ਪਿੰਡ ਹਰਲਾਲਪੁਰ ਵਿਖੇ ਘਰ 'ਚੋਂ ਸਾਮਾਨ ਚੋਰੀ ਦੇ ਦੋਸ਼ ਹੇਠ ਦੋ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧ 'ਚ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਹਰਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮਲਕੀਅਤੀ ਵਾਲੀ 4 ਬਿਸਵੇ ਜਗ੍ਹਾ ਜੋ ਕਿ ਪਿੰਡ ਦੀ ਲਾਲ ਲਕੀਰ ਦੇ ਅੰਦਰ ਹੈ, 'ਚ ਮਕਾਨ ਬਣਿਆ ਹੋਇਆ ਹੈ | ਉਸ ਦੇ ਪਿਤਾ ਦੀ ਪਿਛਲੇ ਹਫ਼ਤੇ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਇਹ ਮਕਾਨ ਗੁਰਮੀਤ ਸਿੰਘ ਵਾਸੀ ਪਿੰਡ ਸ਼ਿਆਮਪੁਰ ਨੂੰ ਫਰਵਰੀ 2026 ਵਿਚ ਵੇਚ ਦਿੱਤਾ ਸੀ | ਸਾਡੇ ਇਸ ਮਕਾਨ ਦੇ ਇਕ ਕਮਰੇ ਵਿਚ ਇਕ ਪਲਟੀਨਾ ਮੋਟਰਸਾਈਕਲ, 2 ਸਿਲੰਡਰ, ਪਿੱਤਲ ਦੇ ਭਾਂਡੇ, ਇਕ ਪੇਟੀ ਵਿਚ 3 ਸੋਨੇ ਦੀਆਂ ਮੁੰਦਰੀਆਂ, ਇਕ ਸਾਈਕਲ ਅਤੇ ਦੁੱਧ ਵਾਲੇ ਦੋ ਢੋਲ ਪਏ ਸਨ, ਜੋ ਕਿ ਬਿੰਦਰ ਕੌਰ ਅਤੇ ਸੰਨੀ ਨੇ ਚੋਰੀ ਕਰ ਲਏ | ਪੁਲਿਸ ਨੇ ਫ਼ਿਲਹਾਲ ਦੋਵਾਂ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |