ਮਾਜਰੀ, 1 ਮਾਰਚ (ਕੁਲਵੰਤ ਸਿੰਘ ਧੀਮਾਨ)- ਸਾਰੇ ਕਿਸਮ ਦੇ ਕਾਨੂੰਨਾਂ ਅਤੇ ਅਦਾਲਤੀ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਅਤੇ ਮਾਲ ਮਹਿਕਮਾ, ਵਣ ਵਿਭਾਗ, ਵਣ ਜੀਵ ਸੰਭਾਲ, ਪੰਚਾਇਤ ਅਤੇ ਗ੍ਰਾਮੀਣ ਵਿਕਾਸ, ਗਮਾਡਾ, ਮਾਈਨਿੰਗ, ਪੁਲਿਸ ਆਦਿ ਵਿਭਾਗਾਂ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਖਰੜ ਵਿਧਾਨ ਸਭਾ ਹਲਕੇ ਦੇ ਮਾਜਰੀ ਬਲਾਕ ਅਧੀਨ ਪੈਂਦੇ ਪਿੰਡ ਮਿਰਜ਼ਾਪੁਰ 'ਚ ਭੂ-ਮਾਫੀਆ ਵਲੋਂ ਪਹਾੜ ਸਮਤਲ ਕੀਤਾ ਜਾ ਰਿਹਾ ਹੈ | ਇੱਥੇ ਜੰਗਲ ਕੱਟੇ ਜਾ ਰਹੇ ਹਨ, ਪਾਬੰਦੀਸ਼ੁਦਾ ਖੈਰ ਦੇ ਦਰੱਖਤ ਢਾਹੇ ਜਾ ਰਹੇ ਹਨ ਅਤੇ ਕੁਦਰਤੀ ਚੋਅ 'ਚੋਂ ਮਿੱਟੀ ਭਰ ਕੇ ਉਨ੍ਹਾਂ ਦੇ ਰਾਹ ਬਦਲੇ ਜਾ ਰਹੇ ਹਨ | ਇੱਥੇ ਵਾਹਨਾਂ ਦੀ ਆਵਾਜਾਈ ਲਈ ਗੈਰ-ਕਾਨੂੰਨੀ ਰਾਹ ਬਣਾਏ ਗਏ ਹਨ ਅਤੇ ਲੋਹੇ ਦੀ ਜਾਲੀ ਲਗਾ ਕੇ ਜ਼ਮੀਨ, ਪਲਾਟ, ਜੰਗਲ ਅਤੇ ਫਾਰਮ ਹਾਊਸ ਗੈਰ-ਕਾਨੂੰਨੀ ਤੌਰ 'ਤੇ ਕੱਟ ਕੇ ਵੇਚੇ ਜਾ ਰਹੇ ਹਨ | ਉਕਤ ਜਾਣਕਾਰੀ ਪਿੰਡ ਮਿਰਜ਼ਾਪੁਰ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਪੰਜਾਬ ਭਾਜਪਾ ਦੇ ਸੂਬਾ ਮੀਡੀਆ ਪ੍ਰਮੁੱਖ ਅਤੇ ਖਰੜ ਵਿਧਾਨ ਸਭਾ ਦੇ ਮੁੱਖ ਸੇਵਾਦਾਰ ਵਿਨੀਤ ਜੋਸ਼ੀ ਨੂੰ ਦਿੱਤੀ | ਇਸ ਮੌਕੇ ਪਿੰਡ ਦੇ ਨੰਬਰਦਾਰ ਕਿ੍ਸ਼ਨ ਚੰਦ, ਪੰਚ ਸ਼ੇਰ ਸਿੰਘ, ਪੰਚ ਨਿਰਮਲ ਸਿੰਘ, ਪੰਚ ਪਤੀ ਰੱਖਾ ਰਾਮ, ਪੰਚ ਪਤੀ ਪਾਲਾ ਰਾਮ ਅਤੇ ਸਾਬਕਾ ਸਰਪੰਚ ਹੁਸਨ ਚੰਦ ਉਰਫ਼ ਮੱਖਣ ਨੇ ਦੱਸਿਆ ਕਿ ਜਿਸ ਜ਼ਮੀਨ ਦੀ ਵਿਕਰੀ ਕੀਤੀ ਜਾ ਰਹੀ ਹੈ, ਉਹ ਅਜਿਹੀ ਜ਼ਮੀਨ ਜੋ ਕਈ ਮਾਲਕਾਂ/ਹਿੱਸੇਦਾਰਾਂ ਦੀ ਸਾਂਝੀ ਮਲਕੀਅਤ ਹੈ | ਇਸ ਦੇ ਕਰੀਬ 500 ਹਿੱਸੇਦਾਰ ਹਨ ਅਤੇ ਅਜੇ ਤੱਕ ਇਸ ਦੀ ਵੰਡ ਨਹੀਂ ਹੋਈ ਹੈ ਅਤੇ ਸਰਕਾਰੀ ਰਿਕਾਰਡ 'ਚ ਸਪਸ਼ੱਟ ਨਹੀਂ ਹੈ ਕਿ ਕਿਸ ਹਿੱਸੇਦਾਰ ਦਾ ਹਿੱਸਾ ਕਿੱਥੇ ਹੈ | ਉਨ੍ਹਾਂ ਦੱਸਿਆ ਕਿ ਪਟਵਾਰੀ, ਕਾਨੂੰਨਗੋ, ਤਹਿਸੀਲਦਾਰ ਅਤੇ ਐਸ. ਡੀ. ਐਮ. ਦੀ ਮੌਜੂਦਗੀ 'ਚ ਮਾਲ ਵਿਭਾਗ ਵਲੋਂ ਤਕਸੀਮ ਕਰਕੇ ਹਰੇਕ ਹਿੱਸੇਦਾਰ ਦੇ ਹਿੱਸੇ ਦੀ ਪਛਾਣ ਕੀਤੀ ਜਾਂਦੀ ਹੈ ਜੋ ਅਜੇ ਤੱਕ ਨਹੀਂ ਹੋਈ | ਉਨ੍ਹਾਂ ਦੱਸਿਆ ਕਿ ਕਲੈਕਟਰ ਵਲੋਂ 5 ਮਾਰਚ 2019 ਨੂੰ ਸਟੇਟਸ-ਕੋ/ਮੌਜੂਦਾ ਸਥਿਤੀ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿਸ ਅਨੁਸਾਰ ਨਾ ਜ਼ਮੀਨ ਦੀ ਖਰੀਦ-ਫਰੋਖਤ ਹੋ ਸਕਦੀ ਹੈ, ਨਾ ਪਹਾੜ 'ਚ ਦਰੱਖਤ ਜਾਂ ਜੰਗਲੀ ਬੂਟੇ ਕੱਟੇ ਜਾ ਸਕਦੇ ਹਨ ਅਤੇ ਨਾ ਹੀ ਜੇ. ਸੀ. ਬੀ. ਨਾਲ ਮਿੱਟੀ ਦੀ ਖੁਦਾਈ ਕੀਤੀ ਜਾ ਸਕਦੀ ਹੈ, ਇਸ ਦੇ ਬਾਵਜੂਦ ਭੂ-ਮਾਫੀਆ ਇਹ ਸਭ ਕਰ ਰਿਹਾ ਹੈ | ਪੰਚਾਇਤ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸੰਬੰਧੀ ਐਸ. ਐਚ. ਓ., ਡੀ. ਐਸ. ਪੀ., ਡੀ. ਆਈ. ਜੀ., ਡੀ. ਜੀ. ਪੀ. ਪੰਜਾਬ, ਬੀ. ਡੀ. ਪੀ. ਓ., ਤਹਿਸੀਲਦਾਰ ਅਤੇ ਡੀ. ਸੀ. ਤੱਕ ਕਈ ਵਾਰ ਸ਼ਿਕਾਇਤਾਂ ਦਿੱਤੀਆਂ, ਪਰ ਕੋਈ ਕਾਰਵਾਈ ਨਹੀਂ ਹੋਈ | ਇਸ ਮਗਰੋਂ ਵਿਨੀਤ ਜੋਸ਼ੀ ਨੇ ਪੰਚਾਇਤ ਨੂੰ ਭਰੋਸਾ ਦਿਵਾਇਆ ਕਿ ਜ਼ਮੀਨ, ਪਲਾਟ, ਜੰਗਲ ਅਤੇ ਫਾਰਮ ਹਾਊਸ ਦੀ ਗੈਰ-ਕਾਨੂੰਨੀ ਖਰੀਦ-ਫਰੋਖਤ ਨੂੰ ਪਿੰਡ ਵਾਸੀਆਂ ਨਾਲ ਮਿਲ ਕੇ ਅੰਦੋਲਨ ਰਾਹੀਂ ਬੰਦ ਕਰਵਾਇਆ ਜਾਵੇਗਾ | ਇਸ ਮੌਕੇ ਨਰਾਤਾ ਰਾਮ, ਜਿਨ੍ਹਾਂ ਨੇ ਹਾਈ ਕੋਰਟ 'ਚ ਰਿਟ ਕਰਕੇ ਜੰਗਲ ਅਤੇ ਪਹਾੜ ਦੀ ਕਟਾਈ ਰੁਕਵਾਈ ਸੀ, ਭਾਜਪਾ ਮਾਜਰੀ ਮੰਡਲ ਪ੍ਰਧਾਨ ਮੋਹਿਤ ਗੌਤਮ, ਮੁਸਤਕਾ ਮਾਲਕਾਨ ਦੇ ਸ਼ੇਅਰ ਹੋਲਡਰ ਪੂਰਨ ਚੰਦ, ਸੁਰਿੰਦਰ ਕੁਮਾਰ, ਕੁਲਦੀਪ ਸਿੰਘ ਭੱਠਲ, ਚਰਨ ਦਾਸ ਸਾਬਕਾ ਪੰਚ, ਹੇਮਰਾਜ, ਲਖਬੀਰ ਸਿੰਘ, ਲਾਲਾ ਰਾਮ, ਗੋਪੀ ਆਦਿ ਵੀ ਹਾਜ਼ਰ ਸਨ |