04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਬਿਜਲੀ ਬਿੱਲ ਨਾ ਭਰਨ ਕਰਕੇ ਸੁਸ਼ਮਾ ਜੁਆਏ ਨੈਸਟ ਸੁਸਾਇਟੀ ਦੇ ਵਸਨੀਕ ਬਿਜਲੀ ਤੇ ਪਾਣੀ ਨੂੰ ਤਰਸੇ <br/>

ਅਜੀਤ ਡੈਸਕ 22-02-2026
ਜ਼ੀਰਕਪੁਰ,21 ਫਰਵਰੀ (ਮਨਿੰਦਰ ਸਿੰਘ)-ਗਾਜ਼ੀਪੁਰ ਰੋਡ 'ਤੇ ਸਥਿਤ ਸੁਸ਼ਮਾ ਜੁਆਏ ਨੈਸਟ ਸੁਸਾਇਟੀ ਦੇ ਵਸਨੀਕਾਂ ਵਲੋਂ ਬਿਜਲੀ ਤੇ ਪਾਣੀ ਦੀ ਕਿੱਲਤ ਦੇ ਚਲਦਿਆਂ ਬਿਲਡਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਜਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਰੋਸ ਜ਼ਾਹਿਰ ਕਰਦਿਆਂ ਸੁਸਾਇਟੀ ਦੇ ਵਸਨੀਕ ਵਿਸ਼ਾਲ ਸ਼ਰਮਾ, ਅਰੁਣ, ਤਿਲਕ ਐੱਲ, ਸੁਮਿਤ, ਪਵਨ, ਸੰਜੀਵ ਸ਼ਰਮਾ, ਵਿਜੇਂਦਰ, ਨੇਹਾ, ਨਿਧੀ ਸੂਦ, ਹਰਿੰਦਰ, ਰੇਖਾ ਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਸੁਸਾਇਟੀ ਦੇ ਵਸਨੀਕ ਇਸ ਸਮੇਂ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ | ਉਨ੍ਹਾਂ ਕਿਹਾ ਕਿ ਬਿਲਡਰ ਵਲੋਂ ਸੁਸਾਇਟੀ ਦਾ 3.75 ਲੱਖ ਰੁਪਏ ਦਾ ਬਿਜਲੀ ਦਾ ਬਿੱਲ ਅਦਾ ਨਹੀਂ ਕੀਤਾ ਗਿਆ, ਜਿਸ ਕਾਰਨ ਇਥੇ ਰਹਿਣ ਵਾਲੇ ਸੈਂਕੜੇ ਪਰਿਵਾਰ ਕਾਫ਼ੀ ਸਮੇਂ ਤੋਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸੁਸਾਇਟੀ ਵਿਚ ਪਾਣੀ ਦੀ ਗੰਭੀਰ ਕਿੱਲਤ, ਵਾਰ-ਵਾਰ ਬਿਜਲੀ ਬੰਦ ਹੋਣਾ ਤੇ ਇਕ ਖ਼ਰਾਬ ਲਿਫ਼ਟ ਕਾਰਨ ਸਥਾਨਕ ਵਸਨੀਕ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਬਿਲਡਰ ਤੇ ਰੱਖ-ਰਖਾਅ ਟੀਮ ਨੂੰ ਵਾਰ-ਵਾਰ ਅਪੀਲ ਕੀਤੀ ਜਾ ਚੁੱਕੀ ਹੈ, ਪਰ ਹਰ ਵਾਰ ਉਨ੍ਹਾਂ ਨੂੰ ਸਿਰਫ਼ ਭਰੋਸਾ ਹੀ ਦਿੱਤਾ ਜਾਂਦਾ ਹੈ | ਹੁਣ ਸਥਿਤੀ ਇੰਨੀ ਬਦਤਰ ਹੋ ਗਈ ਹੈ ਕਿ ਲਿਫ਼ਟ ਖ਼ਰਾਬ ਹੋਣ ਕਾਰਨ ਬਜ਼ੁਰਗ ਲੋਕ ਤੇ ਮਰੀਜ਼ ਪੌੜੀਆਂ ਚੜ੍ਹਨ ਲਈ ਮਜ਼ਬੂਰ ਹਨ | ਇਸ ਤੋਂ ਇਲਾਵਾ ਪਾਣੀ ਤੇ ਬਿਜਲੀ ਦੀ ਨਾਕਸ ਸਪਲਾਈ ਨੇ ਬੱਚਿਆਂ ਦੀ ਪੜ੍ਹਾਈ ਤੇ ਹੋਰ ਘਰੇਲੂ ਕੰਮਾਂ ਵਿਚ ਪੂਰੀ ਤਰ੍ਹਾਂ ਵਿਘਨ ਪਾ ਦਿੱਤਾ ਹੈ | ਉੱਧਰ ਦੂਜੇ ਪਾਸੇ ਇਸ ਮਾਮਲੇ ਸੰਬੰਧੀ ਸੰਪਰਕ ਕਰਨ 'ਤੇ ਸੁਸ਼ਮਾ ਜੁਆਏ ਨੈਸਟ ਦੇ ਰੱਖ-ਰਖਾਅ ਪ੍ਰਬੰਧਕ ਸਿਧਾਰਥ ਡੋਗਰਾ ਨੇ ਕਿਹਾ ਕਿ ਸ਼ੁੱਕਰਵਾਰ ਸ਼ਾਮ ਨੂੰ ਬਿਜਲੀ ਸਪਲਾਈ ਸੁਚਾਰੂ ਢੰਗ ਨਾਲ ਬਹਾਲ ਹੋ ਗਈ ਹੈ | ਲਿਫ਼ਟ ਦੀ ਦੇਖਭਾਲ ਸਮੇਤ ਬਾਕੀ ਕੰਮ ਕੱਲ੍ਹ ਸਵੇਰੇ ਪੂਰਾ ਕਰ ਲਏ ਜਾਣਗੇ | ਉਨ੍ਹਾਂ ਕਿਹਾ ਕਿ ਸੁਸਾਇਟੀ ਦੇ ਕੁਝ ਮੈਂਬਰ ਅੱਜ ਸ਼ਾਮ ਸਾਨੂੰ ਮਿਲਣ ਲਈ ਆਏ ਸਨ, ਜੋ ਕਿ ਸਾਡੇ ਕੰਮ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ |

ਪਿਛਲੀ ਖ਼ਬਰ ਪਿੰਡ ਚਡਿਆਲਾ ਸੂਦਾਂ ਵਿਖੇ ਜਲ-ਅਰਪਣ ਦਿਵਸ ਮਨਾਇਆ <br/> ਅਗਲੀ ਖ਼ਬਰ ਜੁਝਾਰ ਨਗਰ ਵਿਖੇ 58 ਘਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਪਹੁੰਚੀ ਗਮਾਡਾ ਦੀ ਟੀਮ ਨੂੰ ਵਸਨੀਕਾਂ ਦੇ ਵਿਰੋਧ ਕਾਰਨ ਖਾਲੀ ਹੱਥ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।