ਐੱਸ. ਏ. ਐੱਸ. ਨਗਰ, 19 ਫਰਵਰੀ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ 'ਏ. ਆਈ. ਫ਼ੈਸਟ 2026' ਦਾ ਸ਼ਾਨਦਾਰ ਆਗ਼ਾਜ਼ ਹੋ ਗਿਆ ਹੈ | 'ਇੰਡੀਆ ਏ. ਆਈ. ਇੰਪੈਕਟ ਸਮਿੱਟ-2026' ਦੀ ਤਰਜ਼ 'ਤੇ ਕਰਵਾਏ ਜਾ ਰਹੇ ਇਸ 'ਏ. ਆਈ. ਫ਼ੈਸਟ' ਦਾ ਮਕਸਦ ਨੌਜਵਾਨ ਨਵੀਨਤਾਕਾਰਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ 'ਚ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਨ ਅਤੇ ਨਵੀਂ ਪੀੜ੍ਹੀ ਨੂੰ ਸਫ਼ਲ ਉੱਦਮੀ ਬਣਨ ਅਤੇ ਨਵੀਆਂ ਖੋਜਾਂ ਲਈ ਏ. ਆਈ. ਦੀ ਮਹੱਤਤਾ ਬਾਰੇ ਸਮਝਾ ਕੇ ਉਨ੍ਹਾਂ ਨੂੰ 'ਵਿਕਸਿਤ ਭਾਰਤ' ਦੇ ਸੁਪਨੇ ਨੂੰ ਸਾਕਾਰ ਕਰਨ ਲਈ ਤਿਆਰ ਕਰਨਾ ਹੈ | 21 ਫਰਵਰੀ ਤੱਕ ਚੱਲਣ ਵਾਲੇ ਇਸ ਏ. ਆਈ. ਫ਼ੈਸਟ ਦੇ ਪਹਿਲੇ ਦਿਨ ਕਈ ਦਿੱਗਜ ਸ਼ਖ਼ਸੀਅਤਾਂ ਨੇ ਵਿਦਿਆਰਥੀ ਨਵੀਨਤਾਕਾਰਾਂ ਨੂੰ ਸਫ਼ਲ ਉੱਦਮੀ ਬਣਨ ਦੇ ਗੁਰੂ ਮੰਤਰ ਦਿੱਤੇ | ਇਨ੍ਹਾਂ ਸ਼ਖ਼ਸੀਅਤਾਂ ਨੇ ਨੌਜਵਾਨਾਂ ਨੂੰ ਸਫ਼ਲ ਉੱਦਮੀ ਬਣਨ 'ਚ ਏ. ਆਈ. ਅਤੇ ਨਵੀਨਤਮ ਤਕਨਾਲੋਜੀ ਦੀ ਅਹਿਮ ਭੂਮਿਕਾ ਬਾਰੇ ਸਮਝਾਇਆ | ਇਸ ਦੌਰਾਨ ਮਾਹਿਰਾਂ ਵਲੋਂ 'ਬਦਲਦੀ ਮਨੁੱਖਤਾ ਦੇ ਨਾਲ ਬਦਲਦਾ ਏ. ਆਈ.', 'ਏ. ਆਈ. ਇੰਜੀਨੀਅਰਡ ਰਿਐਲਟੀ', 'ਏ. ਆਈ. ਪਾਲਿਸੀ ਗਵਰਨਿੰਗ ਐਂਡ ਸਟਰੱਕਚਰਿੰਗ' ਅਤੇ 'ਤਕਨੀਕੀ ਫ਼ਰੰਟੀਅਰਜ਼' ਵਰਗਿਆਂ ਚਾਰ ਵਿਸ਼ਿਆਂ 'ਤੇ ਵਿਚਾਰ-ਚਰਚਾ ਕੀਤੀ ਗਈ | ਇਸ ਫ਼ੈਸਟ ਦੇ ਸ਼ਾਨਦਾਰ ਉਦਘਾਟਨੀ ਸਮਾਰੋਹ 'ਚ ਮੈਂਬਰ ਪਾਰਲੀਮੈਂਟ (ਰਾਜ ਸਭਾ) ਸਤਨਾਮ ਸਿੰਘ ਸੰਧੂ, ਪ੍ਰਸਿੱਧ ਕਾਰੋਬਾਰੀ ਤੇ ਇੰਡੀਆ ਜੀਨੀਅਸ ਚੈਲੰਜ ਦੇ ਸੰਸਥਾਪਕ ਅੰਕੁਰ ਵਾਰਿਕੂ ਅਤੇ ਅੱਪਗ੍ਰੇਡ ਦੇ ਚੇਅਰਮੈਨ ਤੇ ਸਿੱਖਿਆ ਟੈੱਕ ਲੀਡਰ ਰੌਨੀ ਸਕਰੂਵਾਲਾ ਸਮੇਤ ਹੋਰ ਗਲੋਬਲ ਦਿੱਗਜ ਅਤੇ ਉਦਯੋਗਿਕ ਮਾਹਿਰਾਂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਸਮਾਰੋਹ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਵਲੋਂ 'ਇੰਡੀਆ ਏ. ਆਈ. ਮਿਸ਼ਨ' ਦੀ ਤਰਜ਼ 'ਤੇ 'ਸੀ. ਯੂ. ਏ. ਆਈ. ਮਿਸ਼ਨ' ਲਾਂਚ ਕੀਤਾ ਗਿਆ | ਇਸ ਫ਼ੈਸਟ 'ਚ 174 ਤੋਂ ਜ਼ਿਆਦਾ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ 10 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਹਿੱਸਾ ਲੈਂਦੇ ਹੋਏ ਆਪਣੀ ਰਚਨਾਤਮਿਕਤਾ, ਤਕਨੀਕੀ ਮੁਹਾਰਤ ਅਤੇ ਸਮੱਸਿਆ ਨੂੰ ਹੱਲ ਕਰਨ ਦੀ ਕਾਬਲੀਅਤ ਦਾ ਪ੍ਰਦਰਸ਼ਨ ਕਰਨਗੇ, ਜਦਕਿ ਜਿੱਤਣ ਵਾਲੀਆਂ ਟੀਮਾਂ ਨੂੰ 1 ਕਰੋੜ ਰੁ. ਤੋਂ ਜ਼ਿਆਦਾ ਦੇ ਨਕਦ ਇਨਾਮ ਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਏ. ਆਈ. ਭਾਰਤ ਦੇ ਅਗਲੇ ਟਿ੍ਲੀਅਨ-ਡਾਲਰ ਵਿਕਾਸ ਇੰਜਣ ਵਜੋਂ ਉੱਭਰੇਗਾ | ਇਸ ਤੋਂ ਬਾਅਦ ਸਟੇਟ ਆਫ਼ ਦਾ ਫ਼ੈਸਿਲਟੀ ਨੂੰ ਲਾਂਚ ਕਰਨ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕਿਹਾ ਕਿ ਆਧੁਨਿਕ ਕੁਆਂਟਮ ਰਿਸਰਚ ਨੂੰ ਅੱਗੇ ਵਧਾਉਣ, ਵਿਸ਼ੇਸ਼ ਸਿਖਲਾਈ ਨੂੰ ਮਜ਼ਬੂਤ ਕਰਨ ਅਤੇ ਉੱਭਰ ਰਹੀਆਂ ਤਕਨਾਲੋਜੀਆਂ 'ਚ ਸਟਾਰਟਅੱਪ ਇਨਕਿਊਬੇਸ਼ਨ ਦੀ ਗਿਣਤੀ ਨੂੰ ਵਧਾਉਣ ਲਈ ਚੰਡੀਗੜ੍ਹ ਯੂਨੀਵਰਸਿਟੀ ਨੇ ਬੋਸ-ਆਈਨਸਟਾਈਨ ਕੁਆਂਟਮ ਸੈਂਟਰ ਆਫ਼ ਐਕਸੀਲੈਂਸ ਲਾਂਚ ਕੀਤਾ ਹੈ |