ਚੰਡੀਗੜ੍ਹ, 18 ਫ਼ਰਵਰੀ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਸ਼ਹਿਰ ਦੇ ਵਪਾਰਕ ਇਲਾਕਿਆਂ 'ਚ ਸਫ਼ਾਈ ਪ੍ਰਣਾਲੀ ਨੂੰ ਹੋਰ ਸੁਚਾਰੂ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਨਿਗਮ ਨੇ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਵਾਲੇ ਕਰਮਚਾਰੀਆਂ ਨਾਲ ਸਮਝੌਤਾ ਸਹੀਬੱਧ ਕੀਤਾ ਹੈ | ਇਸ ਪਹਿਲ ਦਾ ਮਕਸਦ ਕੂੜ ਦੀ ਛਟਾਈ ਨੂੰ ਯਕੀਨੀ ਬਣਾਉਣਾ ਤੇ ਵਿਗਿਆਨਕ ਢੰਗ ਨਾਲ ਕੂੜਾ ਇਕੱਠਾ ਕਰਨ ਦੀ ਪ੍ਰਕਿਰਿਆ ਨੂੰ ਮਜ਼ਬੂਤ ਕਰਨਾ ਹੈ | ਇਸ ਸਬੰਧੀ ਨਿਗਮ ਦਫ਼ਤਰ 'ਚ ਕਰਵਾਏ ਗਏ ਇਕ ਸਮਾਰੋਹ ਦੌਰਾਨ ਮੇਅਰ ਸੌਰਭ ਜੋਸ਼ੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੌਕੇ ਨਿਗਮ ਕਮਿਸ਼ਨਰ ਅਮਿਤ ਕੁਮਾਰ, ਸੰਯੁਕਤ ਕਮਿਸ਼ਨਰ ਡਾ. ਹਿਮਾਂਸ਼ੂ ਗੁਪਤਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਰਹੇ | ਮੈਡੀਕਲ ਆਫ਼ਿਸਰ ਆਫ਼ ਹੈਲਥ ਦੇ ਦਫ਼ਤਰ ਰਾਹੀਂ ਵਪਾਰਕ ਖੇਤਰਾਂ ਵਿਚ ਸੇਵਾ ਨਿਭਾ ਰਹੇ ਡੋਰ-ਟੂ-ਡੋਰ ਕੁਲੇਕਟਰਾਂ ਸੋਨੀਆ, ਮੁਕੇਸ਼, ਪ੍ਰਮੋਦ, ਭੀਮ, ਰੋਹਿਤ, ਪਰਸ, ਮਹਿੰਦਰ, ਸੰਜੀਵ, ਕਵਿਤਾ ਤੇ ਸਾਹਿਲ ਨਾਲ ਇਹ ਸਮਝੌਤਾ ਕੀਤਾ ਗਿਆ | ਇਸ ਨਾਲ ਉਨ੍ਹਾਂ ਦੀ ਭੂਮਿਕਾ ਨੂੰ ਅਧਿਕਾਰਿਕ ਮਾਨਤਾ ਮਿਲੀ ਹੈ ਤੇ ਜ਼ਿੰਮੇਵਾਰੀਆਂ ਨੂੰ ਸਪਸ਼ਟ ਤੌਰ 'ਤੇ ਨਿਰਧਾਰਿਤ ਕੀਤਾ ਗਿਆ ਹੈ | ਇਹ ਉਪਰਾਲਾ ਸਵੱਛ ਭਾਰਤ ਮਿਸ਼ਨ ਤਹਿਤ ਕੂੜਾ ਪ੍ਰਬੰਧਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ | ਸਮਝੌਤੇ ਅਨੁਸਾਰ ਵਪਾਰਕ ਥਾਵਾਂ ਤੋਂ ਗਿੱਲੇ, ਸੁੱਕੇ ਅਤੇ ਘਰੇਲੂ ਖ਼ਤਰਨਾਕ ਕਚਰੇ ਦੀ ਵੱਖ-ਵੱਖ ਛਟਾਈ ਲਾਜ਼ਮੀ ਹੋਵੇਗੀ | ਵਿਗਿਆਨਕ ਢੰਗ ਨਾਲ ਕੂੜਾ ਇਕੱਠਾ ਕਰਨਾ, ਰੋਜ਼ਾਨਾ ਚੁੱਕਣ ਅਤੇ ਸਫ਼ਾਈ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ | ਇਸ ਮੌਕੇ ਇਕ ਜਾਗਰੂਕਤਾ ਸੈਸ਼ਨ ਵੀ ਕਰਵਾਇਆ ਗਿਆ, ਜਿਸ 'ਚ ਕੂੜੇ ਦੀ ਤਿੰਨ ਹਿੱਸਿਆਂ ਗਿੱਲਾ, ਸੁੱਕਾ ਤੇ ਘਰੇਲੂ ਖ਼ਤਰਨਾਕ 'ਚ ਛਟਾਈ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਠੋਸ ਕਚਰੇ ਦੀ ਸੁਰੱਖਿਅਤ ਸੰਭਾਲ ਅਤੇ ਸੈਨੀਟੇਸ਼ਨ ਮਿਆਰਾਂ ਦੀ ਪਾਲਣਾ ਸੰਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ | ਸਫ਼ਾਈ ਕਰਮਚਾਰੀਆਂ ਦੀ ਸੁਰੱਖਿਆ ਅਤੇ ਭਲਾਈ ਲਈ ਮਾਸਕ, ਦਸਤਾਨੇ ਅਤੇ ਹੋਰ ਲੋੜੀਂਦੇ ਸਾਜ਼ੋ-ਸਾਮਾਨ ਵਾਲੀਆਂ 'ਸਵੱਛਤਾ ਕਿੱਟਾਂ' ਵੰਡੀਆਂ ਗਈਆਂ | ਮੇਅਰ ਸੌਰਭ ਜੋਸ਼ੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਕੂੜੇ ਦੀ ਛਟਾਈ ਹੀ ਸਫ਼ਲ ਕਚਰਾ ਪ੍ਰਸੰਸਕਰਨ ਦੀ ਬੁਨਿਆਦ ਹੈ | ਜੇਕਰ ਵਪਾਰਕ ਸੰਸਥਾਵਾਂ ਨਿਰਧਾਰਿਤ ਨਿਯਮਾਂ ਦੀ ਪਾਲਣਾ ਕਰਨਗੀਆਂ ਤਾਂ ਸ਼ਹਿਰ ਨੂੰ ਸਾਫ਼ ਅਤੇ ਸੁੰਦਰ ਬਣਾਉਣ 'ਚ ਵੱਡੀ ਮਦਦ ਮਿਲੇਗੀ | ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਨਾਗਰਿਕਾਂ ਤੇ ਵਪਾਰਕ ਇਕਾਈਆਂ ਦੀ ਸਰਗਰਮ ਹਿੱਸੇਦਾਰੀ ਨਾਲ ਹੀ ਸ਼ਹਿਰ ਨੂੰ ਸਾਫ਼, ਸੁੰਦਰ ਅਤੇ ਟਿਕਾਊ ਬਣਾਇਆ ਜਾ ਸਕਦਾ ਹੈ | ਉਨ੍ਹਾਂ ਨੇ ਕਿਹਾ ਕਿ ਨਿਗਮ ਵਲੋਂ ਕੂੜਾ ਪ੍ਰਬੰਧਨ ਪ੍ਰਣਾਲੀ 'ਚ ਹੋਰ ਸੁਧਾਰ ਲਈ ਲਗਾਤਾਰ ਯਤਨ ਜਾਰੀ ਰਹਿਣਗੇ |