ਐੱਸ. ਏ. ਐੱਸ. ਨਗਰ, 18 ਫਰਵਰੀ (ਕਪਿਲ ਵਧਵਾ)-ਮੁਹਾਲੀ ਦੇ ਸੈਕਟਰ-89 ਵਿਖੇ ਇਕ ਆਈ. ਟੀ. ਕੰਪਨੀ ਦੇ ਮਾਲਕ ਦੇ ਘਰ ਬਾਹਰ ਮੰਗਲਵਾਰ ਦੇਰ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਫਾਈਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਵਾਰਦਾਤ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਵਲੋਂ 10 ਤੋਂ 15 ਗੋਲੀਆਂ ਦਾਗੀਆਂ ਗਈਆਂ, ਜਿਸ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦਕਿ ਪੀੜਤ ਪਰਿਵਾਰ ਸਹਿਮ ਗਿਆ | ਫਾਈਰਿੰਗ ਉਪਰੰਤ ਉਕਤ ਕਾਰੋਬਾਰੀ ਨੂੰ ਵਟਸਐਪ 'ਤੇ ਇਕ ਵੀਡੀਓ ਪ੍ਰਾਪਤ ਹੋਈ, ਜਿਸ 'ਚ ਗੋਲੀਬਾਰੀ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਹੈ | ਜਾਣਕਾਰੀ ਮੁਤਾਬਿਕ ਉਕਤ ਕਾਰੋਬਾਰੀ ਨੂੰ ਪਹਿਲਾਂ 12 ਸਤੰਬਰ 2025 ਨੂੰ +44 ਨੰਬਰ ਤੋਂ ਕਾਲ ਆਈ ਸੀ | ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਗੋਲਡੀ ਢਿੱਲੋਂ ਦੱਸਦੇ ਹੋਏ ਕਿਹਾ ਸੀ ਕਿ ਉਹ ਲਾਰੈਂਸ ਗੈਂਗ ਨਾਲ ਸੰਬੰਧਿਤ ਹੈ | ਉਸ ਵਲੋਂ ਭਾਰੀ ਰਕਮ ਦੀ ਮੰਗ ਕੀਤੀ ਗਈ ਸੀ ਅਤੇ ਰਕਮ ਨਾ ਦੇਣ ਦੀ ਸੂਰਤ 'ਚ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ | ਸੂਤਰਾਂ ਅਨੁਸਾਰ ਉਸ ਕੋਲੋਂ ਉਕਤ ਗੈਂਗਸਟਰ ਨੇ 10 ਕਰੋੜ ਰੁ. ਦੀ ਫਿਰੌਤੀ ਦੀ ਮੰਗ ਕੀਤੀ ਸੀ | ਇਸ ਸੰਬੰਧੀ ਸ਼ਿਕਾਇਤ ਮਿਲਣ 'ਤੇ ਥਾਣਾ ਸੋਹਾਣਾ ਦੀ ਪੁਲਿਸ ਨੇ ਬੀ. ਐੱਨ. ਐੱਸ. ਦੀ ਧਾਰਾ 308 ਤਹਿਤ ਮਾਮਲਾ ਦਰਜ ਕੀਤਾ ਸੀ | ਪੁਲਿਸ ਵਲੋਂ ਸ਼ਿਕਾਇਤਕਰਤਾ ਦੀ ਸੁਰੱਖਿਆ ਅਤੇ ਧਮਕੀ ਦੇ ਆਧਾਰ ਦਾ ਮੁਲਾਂਕਣ ਕਰਕੇ ਉਸ ਨੂੰ ਗੰਨਮੈਨ ਵੀ ਮੁਹੱਈਆ ਕਰਵਾਏ ਗਏ ਸਨ | ਹਾਲਾਂਕਿ ਬੀਤੀ ਦੇਰ ਰਾਤ ਅਣਪਛਾਤੇ ਦੋ ਵਿਅਕਤੀਆਂ ਵਲੋਂ ਉਸ ਦੀ ਕੋਠੀ ਦੇ ਬਾਹਰ ਫਾਈਰਿੰਗ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਸੀ | ਉਸ ਵੇਲੇ ਕਾਰੋਬਾਰੀ ਵਿਦੇਸ਼ ਵਿਖੇ ਕਾਰੋਬਾਰੀ ਦੌਰੇ 'ਤੇ ਗਿਆ ਹੋਇਆ ਸੀ, ਜਦਕਿ ਘਰ 'ਚ ਉਸ ਦਾ ਪਰਿਵਾਰ ਮੌਜੂਦ ਸੀ | ਵਾਰਦਾਤ ਦੀ ਸੂਚਨਾ ਮਿਲਣ ਉਪਰੰਤ ਥਾਣਾ ਸੋਹਾਣਾ ਦੀ ਪੁਲਿਸ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਜਾਇਜ਼ਾ ਲੈਣ ਉਪਰੰਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਫ਼ਿਲਹਾਲ ਪੁਲਿਸ ਨੇ ਇਰਾਦਾ ਕਤਲ ਤੇ ਅਸਲ੍ਹਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਪੁਲਿਸ ਵਲੋਂ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ | ਉਧਰ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਲੋੜੀਂਦੀ ਕਾਰਵਾਈ ਕੀਤੀ ਗਈ ਸੀ ਅਤੇ ਹੁਣ ਵੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੁਲਜ਼ਮਾਂ ਦੀ ਪਛਾਣ ਅਤੇ ਗਿ੍ਫ਼ਤਾਰੀ ਲਈ ਕਾਰਵਾਈ ਕਰ ਰਹੀਆਂ ਹਨ | ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ |