ਜ਼ੀਰਕਪੁਰ, 17 ਫਰਵਰੀ (ਮਨਿੰਦਰ ਸਿੰਘ)-ਮਾਰਚ 2024 ਵਿਚ ਬਲਟਾਣਾ ਦੇ ਇਕ ਘਰ 'ਚ ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਹੁਣ 6 ਵਿਅਕਤੀਆਂ ਵਿਰੁੱਧ ਉਸ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ | ਜ਼ੀਰਕਪੁਰ ਪੁਲਿਸ ਨੇ ਮਿ੍ਤਕ ਦੇ ਭਰਾ ਦੇ ਬਿਆਨਾਂ ਤੇ ਐੱਫ. ਐੱਸ. ਐੱਲ. ਰਿਪੋਰਟ ਦੇ ਆਧਾਰ 'ਤੇ ਇਹ ਕੇਸ ਦਰਜ ਕੀਤਾ ਹੈ | ਮਿ੍ਤਕ ਦੀ ਪਛਾਣ ਪਲਵਿੰਦਰ ਸਿੰਘ (29) ਵਾਸੀ ਏਕਤਾ ਵਿਹਾਰ ਬਲਟਾਣਾ ਵਜੋਂ ਹੋਈ ਸੀ | ਉਹ ਆਪਣੀ ਪਤਨੀ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ | 20 ਮਾਰਚ 2024 ਨੂੰ ਉਹ ਆਪਣੇ ਕਮਰੇ ਵਿਚ ਫਾਹੇ ਨਾਲ ਲਟਕਦਾ ਹੋਇਆ ਮਿਲਿਆ ਸੀ | ਉਸ ਸਮੇਂ ਪੁਲਿਸ ਨੇ ਸੀ. ਆਰ. ਪੀ. ਸੀ. ਦੀ ਧਾਰਾ 174 ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਸੀ | ਮਿ੍ਤਕ ਦੇ ਵੱਡੇ ਭਰਾ ਵਰਿੰਦਰ ਕੁਮਾਰ ਵਾਸੀ ਸੈਕਟਰ-9ਬੀ ਚੰਡੀਗੜ੍ਹ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੋਸ਼ ਲਗਾਇਆ ਸੀ ਕਿ ਉਸ ਦੇ ਭਰਾ ਨੂੰ ਕੁਝ ਵਿਅਕਤੀਆਂ ਦੁਆਰਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ | ਉਸ ਨੇ ਦੱਸਿਆ ਕਿ ਪਲਵਿੰਦਰ ਸਿੰਘ ਪਹਿਲਾਂ ਮਨੀਮਾਜਰਾ ਵਿਖੇ ਇਕ ਫਾਰਮਾਸਿਊਟੀਕਲ ਕੰਪਨੀ ਵਿਚ ਕੰਮ ਕਰਦਾ ਸੀ | ਕੰਪਨੀ ਦੇ ਮਾਲਕ ਅਰੁਣ ਕੁਮਾਰ ਨਾਲ ਝਗੜਾ ਹੋਣ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ | ਉਸ ਨੇ ਦੋਸ਼ ਲਗਾਇਆ ਕਿ ਬਾਅਦ ਵਿਚ ਉਸ ਨੂੰ ਦੂਜੀਆਂ ਕੰਪਨੀਆਂ ਵਿਚ ਕੰਮ ਕਰਨ ਤੋਂ ਰੋਕਿਆ ਗਿਆ ਤੇ ਧਮਕੀਆਂ ਦਿੱਤੀਆਂ ਗਈਆਂ | ਪਰਿਵਾਰ ਅਨੁਸਾਰ ਮਿ੍ਤਕ ਨੇ ਇਕ ਸੁਸਾਈਡ ਨੋਟ ਲਿਖਿਆ ਸੀ, ਜਿਸ ਨੂੰ 25 ਮਾਰਚ 2024 ਨੂੰ ਪੁਲਿਸ ਨੂੰ ਸੌਂਪਿਆ ਗਿਆ ਸੀ | ਇਸ ਨੂੰ ਹੱਥ ਲਿਖਤ ਵਿਸ਼ਲੇਸ਼ਣ ਲਈ ਮੁਹਾਲੀ ਦੇ ਫੇਜ਼-4 ਸਥਿਤ ਫੋਰੈਂਸਿਕ ਸਾਇੰਸ ਲੈਬ ਵਿਖੇ ਭੇਜਿਆ ਗਿਆ ਸੀ | ਐਫ. ਐਸ. ਐਲ. ਰਿਪੋਰਟ ਨੇ ਸੁਸਾਈਡ ਨੋਟ ਮਿ੍ਤਕ ਦੀ ਹੱਥ ਲਿਖਤ ਵਿਚ ਹੋਣ ਦੀ ਪੁਸ਼ਟੀ ਕੀਤੀ ਹੈ | ਰਿਪੋਰਟ ਦੇ ਆਧਾਰ 'ਤੇ ਪੁਲਿਸ ਨੇ ਅਰੁਣ ਕੁਮਾਰ, ਰਾਹੁਲ ਅਗਰਵਾਲ, ਪ੍ਰਵੇਸ਼ ਗੋਇਲ, ਨਵੀਨ, ਮਨੋਜ ਕੁਮਾਰ ਤੇ ਵਿਸ਼ਾਲ ਅਗਰਵਾਲ ਵਿਰੁੱਧ ਬੀ. ਐੱਨ. ਐੱਸ. ਦੀ ਧਾਰਾ 306 ਦੇ ਤਹਿਤ ਮਾਮਲਾ ਦਰਜ ਕੀਤਾ ਹੈ, ਪਰ ਅਜੇ ਤੱਕ ਕੋਈ ਗਿ੍ਫ਼ਤਾਰੀ ਨਹੀਂ ਹੋਈ |