ਖਰੜ, 29 ਜਨਵਰੀ (ਜੰਡਪੁਰੀ/ਮਾਨ)-ਡਾਇਰੈਕਟਰ ਜਨਰਲ ਆਫ ਪੁਲਿਸ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੁਹਾਲੀ 'ਚ ਜੁਰਮ ਨੂੰ ਠੱਲ ਪਾਉਣ ਲਈ ਸ਼ੱਕੀ ਗਤੀਵਿਧੀਆਂ ਦੇ ਸੰਬੰਧ 'ਚ ਥਾਣਾ ਘੜੂੰਆਂ ਪੁਲਿਸ ਖਰੜ ਵਲੋਂ ਨਾਕਾਬੰਦੀ ਕਰਕੇ ਵੱਡੀ ਮਾਤਰਾ 'ਚ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆ ਡੀ. ਐੱਸ. ਪੀ. ਖਰੜ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਥਾਣਾ ਘੜੂੰਆਂ ਦੇ ਮੁੱਖ ਅਫਸਰ ਐੱਸ. ਆਈ. ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਬੀਤੀ 28 ਜਨਵਰੀ ਨੂੰ ਪਿੰਡ ਭਾਗੋਮਾਜਰਾ ਨੇੜੇ ਨਾਕਾਬੰਦੀ ਕੀਤੀ ਹੋਈ ਸੀ | ਇਸ ਨਾਕਾਬੰਦੀ ਦੌਰਾਨ ਜਦੋਂ ਇਕ ਕਾਲੇ ਰੰਗ ਦੀ ਥਾਰ ਗੱਡੀ ਨੂੰ ਰੋਕ ਕੇ ਉਸਦੀ ਜਾਂਚ ਕੀਤੀ ਗਈ, ਜਿਸਨੂੰ ਨੂੰ ਜਸਕੀਰਤ ਸਿੰਘ ਨਾਮਕ ਵਿਅਕਤੀ ਚਲਾ ਰਿਹਾ ਸੀ, ਤਾਂ ਉਸ 'ਚੋਂ ਵੱਡੀ ਮਾਤਰਾ 'ਚ ਭਾਰਤੀ ਕਰੰਸੀ ਬਰਾਮਦ ਹੋਈ | ਇਸ ਬਰਾਮਦ ਹੋਈ ਕਰੰਸੀ ਸੰਬੰਧੀ ਜਦੋਂ ਗੱਡੀ ਚਾਲਕ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ | ਡੀ. ਐੱਸ. ਪੀ. ਖਰੜ ਨੇ ਦੱਸਿਆ ਕਿ ਗੱਡੀ 'ਚੋਂ ਕੁੱਲ 80,90,910 ਰੁ. ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਅਗਲੇਰੀ ਕਾਰਵਾਈ ਲਈ ਇਸ ਮਾਮਲੇ ਸੰਬੰਧੀ ਇਨਕਮ ਟੈਕਸ ਵਿਭਾਗ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |