19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪੈਟਰੋਲ ਪੰਪ 'ਤੇ ਪਿਸਤੌਲ ਦਿਖਾ ਕੇ ਗੱਡੀ ਖੋਹਣ ਦੇ ਮਾਮਲੇ 'ਚ ਤਿੰਨ ਖ਼ਿਲਾਫ਼ ਮਾਮਲਾ ਦਰਜ <br/>

ਅਜੀਤ ਡੈਸਕ 23-01-2026
ਡੇਰਾਬੱਸੀ, 22 ਜਨਵਰੀ (ਗੁਰਮੀਤ ਸਿੰਘ)-ਬੀਤੇ ਦਿਨੀਂ ਅੰਬਾਲਾ-ਚੰਡੀਗੜ੍ਹ ਮੁੱਖ ਸੜਕ 'ਤੇ ਸਥਿਤ ਐਵਰ ਗਰੀਨ ਪੈਟਰੋਲ ਪੰਪ 'ਤੇ ਤਿੰਨ ਅਣਪਛਾਤੇ ਲੁਟੇਰਿਆਂ ਵਲੋਂ ਬੰਦੂਕ ਦੀ ਨੋਕ 'ਤੇ ਗੱਡੀ ਖੋਹਣ ਦੇ ਮਾਮਲੇ 'ਚ ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪੈਟਰੋਲ ਪੰਪ ਦੇ ਕਰਿੰਦੇ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਹੈ | ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਪਰਮਜੀਤ ਨੇ ਦੱਸਿਆ ਕਿ ਸ਼ਿਕਾਇਤ 'ਚ ਸੰਜੀਵ ਕੁਮਾਰ ਪੁੱਤਰ ਉੱਤਮ ਚੰਦ ਮੂਲ ਵਾਸੀ ਪਿੰਡ ਬਹਵਾਲਾ ਹਿਮਾਚਲ ਪ੍ਰਦੇਸ਼ ਤੇ ਹਾਲ ਵਾਸੀ ਐਵਰ ਗਰੀਨ ਪੈਟਰੋਲ ਪੰਪ ਡੇਰਾਬੱਸੀ ਨੇ ਦੱਸਿਆ ਕਿ ਉਹ ਉਕਤ ਪੈਟਰੋਲ ਪੰਪ 'ਤੇ ਪੰਜ ਸਾਲਾਂ ਤੋਂ ਸੁਪਰਵਾਈਜ਼ਰ ਵਜੋਂ ਨੌਕਰੀ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਬੀਤੀ 19 ਜਨਵਰੀ ਨੂੰ ਉਨ੍ਹਾਂ ਦੀ ਨਾਈਟ ਸ਼ਿਫਟ ਹੋਣ ਕਰਕੇ ਤੜਕੇ ਕਰੀਬ 5 ਵਜੇ ਉਹ ਪੈਟਰੋਲ ਪੰਪ 'ਤੇ ਹਾਜ਼ਰ ਸੀ | ਇਸੇ ਦੌਰਾਨ ਕਰੀਬ 5 ਹੈਲਪਰ ਡਿਊਟੀ 'ਤੇ ਤਾਇਨਾਤ ਸਨ | ਇਸ ਦੌਰਾਨ ਤੜਕੇ ਕਰੀਬ 5 ਵਜੇ ਇਕ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਦਾ ਚਾਲਕ ਤੇਲ ਪੁਆਉਣ ਲਈ ਪੈਟਰੋਲ ਪੰਪ 'ਤੇ ਆ ਕੇ ਰੁਕਿਆ ਅਤੇ ਜਦੋਂ ਉਹ ਤੇਲ ਪੁਆ ਕੇ ਜਾਣ ਲੱਗਾ ਤਾਂ ਪੈਟਰੋਲ ਪੰਪ 'ਤੇ ਇਕ ਐਕਟਿਵਾ 'ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨਾਂ ਨੇ ਪਿਸਤੌਲ ਦਿਖਾ ਕੇ ਉਸ ਦੀ ਗੱਡੀ ਦੀ ਚਾਬੀ ਖੋਹਣ ਦੀ ਕੋਸ਼ਿਸ਼ ਕੀਤੀ | ਉਨ੍ਹਾਂ ਦੱਸਿਆ ਕਿ ਵਾਰਦਾਤ ਮੌਕੇ ਲੁਟੇਰਿਆਂ ਨੇ ਮੂੰਹ ਢੱਕੇ ਹੋਏ ਸਨ ਅਤੇ ਉਨ੍ਹਾਂ ਨੇ ਐਕਟਿਵਾ ਦੀ ਨੰਬਰ ਪਲੇਟ 'ਤੇ ਮਿੱਟੀ ਲਗਾਈ ਹੋਈ ਸੀ | ਇਸ ਦੌਰਾਨ ਗੱਡੀ ਚਾਲਕ ਵਲੋਂ ਰੌਲਾ ਪਾਉਣ 'ਤੇ ਪੈਟਰੋਲ ਪੰਪ ਕੇ ਕਰਿੰਦੇ ਇੱਕਠੇ ਹੋ ਗਏ, ਜਿਨ੍ਹਾਂ ਨੂੰ ਦੇਖ ਕੇ ਸਾਰੇ ਲੁਟੇਰੇ ਐਕਟਿਵਾ 'ਤੇ ਸਵਾਰ ਹੋ ਕੇ ਫ਼ਰਾਰ ਹੋ ਗਏ | ਪੁਲਿਸ ਨੇ ਪੈਟਰੋਲ ਪੰਪ ਦੇ ਸੁਪਰਵਾਈਜ਼ਰ ਦੇ ਬਿਆਨਾਂ 'ਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਦੂਜੇ ਪਾਸੇ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਇਕ ਕੈਮਿਸਟ ਦੀ ਦੁਕਾਨ 'ਤੇ ਫਿਰੌਤੀ ਦੀ ਮੰਗ ਲਈ ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ 'ਚ ਵੀ ਇਹ ਲੁਟੇਰੇ ਸ਼ਾਮਿਲ ਸਨ ਅਤੇ ਬੀਤੇ ਦਿਨੀਂ ਚੰਡੀਗੜ੍ਹ ਪੁਲਿਸ ਵਲੋਂ ਗੋਲੀਬਾਰੀ ਦੌਰਾਨ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਸੀ ਅਤੇ ਇਸ ਦੌਰਾਨ ਦੋ ਮੁਲਜ਼ਮ ਜ਼ਖ਼ਮੀ ਵੀ ਹੋ ਗਏ ਸਨ |


ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਰਜਿਸਟਰੀਆਂ 'ਚ ਛੋਟ ਦੀ ਹਾਊਸਫੈੱਡ ਵਿਭਾਗ ਨੇ ਕੱਢੀ ਫੂਕ <br/> ਅਗਲੀ ਖ਼ਬਰ ਭਾਜਪਾ ਨੇਤਾ ਸੰਜੀਵ ਖੰਨਾ ਵਲੋਂ ਲੰਗਰ ਦੀ ਸੇਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।