ਐੱਸ. ਏ. ਐੱਸ. ਨਗਰ, 20 ਜਨਵਰੀ (ਕਪਿਲ ਵਧਵਾ)-ਮੁਹਾਲੀ ਅਦਾਲਤ ਨੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੇ ਨਾਂਅ 'ਤੇ ਰਿਸ਼ਵਤ ਲੈਣ ਵਾਲੇ ਇਕ ਬਜ਼ੁਰਗ ਨੂੰ ਦੋਸ਼ੀ ਠਹਿਰਾਇਆ ਹੈ | ਇਹ ਮਾਮਲਾ ਖੰਨਾ ਦੇ ਰਹਿਣ ਵਾਲੇ ਅੰਬਿਕਾ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਸੀ | ਸ਼ਿਕਾਇਤਕਰਤਾ ਨੇ ਆਪਣੇ ਬਿਆਨਾਂ ਵਿਚ ਦੱਸਿਆ ਸੀ ਕਿ ਉਹ ਇਕ ਲਾਇਸੰਸੀ ਠੇਕੇਦਾਰ ਹੈ ਅਤੇ ਮਿਊਾਸੀਪਲ ਕਮੇਟੀ ਖੰਨਾ ਦੇ ਟੈਂਡਰਾਂ ਦੇ ਠੇਕੇ ਲੈ ਕੇ ਕੰਮ ਕਰਦਾ ਹੈ | 4 ਮਈ 2018 ਨੂੰ ਰਮਨਦੀਪ ਸਿੰਘ ਆਹਲੂਵਾਲੀਆ ਨੇ ਉਸ ਨੂੰ ਆਪਣੇ ਘਰ ਸੱਦ ਕੇ ਦੱਸਿਆ ਕਿ ਵਿਜੀਲੈਂਸ ਵਲੋਂ ਸਾਲ 2016 ਤੋਂ ਬਾਅਦ ਕਮੇਟੀ ਵਲੋਂ ਕੀਤੇ ਗਏ ਸਰਕਾਰੀ ਕੰਮਾਂ ਦੀ ਚੈਕਿੰਗ ਕੀਤੀ ਜਾਣੀ ਹੈ | ਇਸ ਤੋਂ ਬਾਅਦ ਉਸ ਨੇ ਦਾਅਵਾ ਕੀਤਾ ਕਿ ਉਹ ਵਿਜੀਲੈਂਸ ਦੇ ਕੁਝ ਅਧਿਕਾਰੀਆਂ ਨੂੰ ਜਾਣਦਾ ਹੈ, ਲਿਹਾਜ਼ਾ ਉਹ ਉਸ ਨੂੰ ਬਚਾਅ ਸਕਦਾ ਹੈ | ਰਮਨਦੀਪ ਸਿੰਘ ਆਹਲੂਵਾਲੀਆ ਨੇ ਸ਼ਿਕਾਇਤਕਰਤਾ ਕੋਲੋਂ ਇਸ ਦੇ ਬਦਲੇ ਉਸ ਵਲੋਂ ਕੀਤੇ ਗਏ ਕੰਮਾਂ ਦਾ 1 ਫ਼ੀਸਦੀ ਹਿੱਸਾ ਜੋ ਕਿ 1,10,000 ਰੁ. ਬਣਦਾ ਸੀ, ਦੀ ਮੰਗ ਕੀਤੀ | ਪਹਿਲਾਂ ਸ਼ਿਕਾਇਤਕਰਤਾ ਨੇ 10 ਹਜ਼ਾਰ ਰਮਨਦੀਪ ਸਿੰਘ ਨੂੰ ਰਿਸ਼ਵਤ ਵਜੋਂ ਦੇ ਦਿੱਤੇ ਸਨ ਅਤੇ ਬਾਕੀ ਰਕਮ ਕੁਝ ਦਿਨਾਂ ਬਾਅਦ 50-50 ਹਜ਼ਾਰ ਰੁ. ਦੀਆਂ ਦੋ ਕਿਸ਼ਤਾਂ ਵਿਚ ਦੇਣੀ ਤੈਅ ਹੋਈ ਸੀ | 19 ਮਈ ਨੂੰ ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕੀਤੀ ਸੀ, ਜਿਸ ਤੋਂ ਬਾਅਦ ਵਿਜੀਲੈਂਸ ਦੇ ਅਧਿਕਾਰੀਆਂ ਨੇ ਭਿ੍ਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 8 ਤਹਿਤ ਮਾਮਲਾ ਦਰਜ ਕਰਕੇ ਉਕਤ ਵਿਅਕਤੀ ਨੂੰ 50 ਹਜ਼ਾਰ ਰੁ. ਦੀ ਰਿਸ਼ਵਤ ਲੈਂਦਿਆਂ ਰੰਗੇ-ਹੱਥੀਂ ਗਿ੍ਫ਼ਤਾਰ ਕਰ ਲਿਆ ਸੀ | ਇਸ ਮਾਮਲੇ ਸੰਬੰਧੀ ਮੁਹਾਲੀ ਅਦਾਲਤ ਵਿਖੇ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ | ਇਸ ਮਾਮਲੇ ਵਿਚ ਵਿਜੀਲੈਂਸ ਦੀ ਤਰਫੋਂ ਅਗਵਾਈ ਡੀ. ਏ. ਮਨਜੀਤ ਸਿੰਘ ਵਲੋਂ ਕੀਤੀ ਗਈ | ਇਸ ਦੌਰਾਨ ਸਰਕਾਰੀ ਅਤੇ ਨਿੱਜੀ ਵਿਅਕਤੀਆਂ ਨੂੰ ਗਵਾਹ ਵਜੋਂ ਪੇਸ਼ ਕੀਤਾ ਗਿਆ ਅਤੇ ਕਰੀਬ 7 ਸਾਲ ਅਤੇ ਕੁਝ ਮਹੀਨੇ ਚੱਲੀ ਅਦਾਲਤੀ ਕਾਰਵਾਈ ਦੌਰਾਨ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਜੱਜ ਨੀਤੀਕਾ ਵਰਮਾ ਦੀ ਅਦਾਲਤ ਨੇ ਰਮਨਦੀਪ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ 4 ਸਾਲਾਂ ਦੀ ਕੜੀ ਕੈਦ ਅਤੇ 20 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ |