ਚੰਡੀਗੜ੍ਹ, 20 ਜਨਵਰੀ (ਮਾਰਕੰਡਾ)-ਜ਼ਿਲ੍ਹਾ ਅਦਾਲਤ ਸੈਕਟਰ 43 ਚੰਡੀਗੜ੍ਹ ਵਿਖੇ ਇਕ ਨਵਜੰਮੀ ਬੱਚੀ ਨੂੰ ਝਾੜੀਆਂ ਵਿਚ ਸੁੱਟਣ 'ਤੇ ਮੌਤ ਹੋ ਜਾਣ ਦੇ ਮਾਮਲੇ ਵਿਚ ਪੁਲਿਸ ਨੇ ਮਾਂ ਅਤੇ ਪਿਤਾ ਵਿਰੁੱਧ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ ਤੇ ਮਾਣਯੋਗ ਅਦਾਲਤ ਨੇ ਜੋੜੇ ਨੂੰ ਉਨ੍ਹਾਂ ਦੇ ਪੰਜ ਛੋਟੇ ਬੱਚਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਜੇਲ੍ਹ ਭੇਜਣ ਦੀ ਬਜਾਏ ਜ਼ਮਾਨਤ ਦੇ ਦਿੱਤੀ ਗਈ, ਜਦੋਂ ਪੁਲਿਸ ਨੇ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਤਾਂ ਜੋੜੇ ਨੇ ਆਪਣਾ ਅਪਰਾਧ ਕਬੂਲ ਕਰ ਲਿਆ | ਜੋੜੇ ਦੇ ਹਾਲਾਤਾਂ ਬਾਰੇ ਜਾਣਨ 'ਤੇ ਅਦਾਲਤ ਨੇ ਫੈਸਲਾ ਸੁਣਾਇਆ ਕਿ ਨਿਆਂ ਦੇ ਹਿੱਤ ਵਿਚ ਉਨ੍ਹਾਂ ਨੂੰ ਜੇਲ੍ਹ ਭੇਜਣ ਦੀ ਬਜਾਏ ਬੇਲ ਦੇਣਾ ਉਚਿੱਤ ਹੋਵੇਗਾ | ਅਦਾਲਤ ਨੇ ਉਨ੍ਹਾਂ ਨੂੰ ਛੇ ਮਹੀਨਿਆਂ ਦੀ ਪ੍ਰੋਬੇਸ਼ਨ 'ਤੇ ਰਿਹਾਅ ਕਰ ਦਿੱਤਾ | ਹਾਲਾਂਕਿ ਉਨ੍ਹਾਂ ਨੂੰ ਇਸ ਸਮੇਂ ਦੌਰਾਨ ਸਜ਼ਾ ਭੁਗਤਣ ਲਈ ਸੰਮਨ ਕੀਤੇ ਜਾਣ 'ਤੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ | ਇਸ ਸਮੇਂ ਦੌਰਾਨ ਉਨ੍ਹਾਂ ਦੀ ਨਿਗਰਾਨੀ ਇਕ ਪ੍ਰੋਬੇਸ਼ਨ ਅਫਸਰ ਦੁਆਰਾ ਕੀਤੀ ਜਾਵੇਗੀ | ਅਦਾਲਤ ਨੇ ਲਿਖਿਆ ਕਿ ਦੋਸ਼ੀਆਂ ਦੀ ਦੇਖਭਾਲ ਲਈ ਛੋਟੇ ਬੱਚੇ ਹਨ ਅਤੇ ਜੇਕਰ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਂਦਾ ਹੈ ਤਾਂ ਉਨ੍ਹਾਂ ਦੀ ਦੇਖਭਾਲ ਕਰਨ ਲਈ ਕੋਈ ਨਹੀਂ ਰਹੇਗਾ | ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਬੇਲ ਦੇ ਦਿੱਤੀ ਗਈ | ਪੁਲਿਸ ਚਾਰਜਸ਼ੀਟ ਦੇ ਅਨੁਸਾਰ ਸੈਕਟਰ 3 ਪੁਲਿਸ ਨੇ ਰੂਨਾ ਦੇਵੀ ਅਤੇ ਉਸ ਦੇ ਪਤੀ ਅਰਵਿੰਦ ਮੁਖੀਆ ਨੂੰ 9 ਸਤੰਬਰ 2025 ਨੂੰ ਗਿ੍ਫਤਾਰ ਕੀਤਾ ਸੀ | ਉਨ੍ਹਾਂ 'ਤੇ ਆਪਣੇ ਨਵਜੰਮੇ ਬੱਚੇ ਨੂੰ ਮਰਵਾਉਣ ਦਾ ਦੋਸ਼ ਹੈ | ਫਿਰ ਉਨ੍ਹਾਂ ਨੇ ਗੁਪਤ ਰੂਪ ਵਿਚ ਸੈਕਟਰ 9 ਦੀਆਂ ਨੇੜੇ ਝਾੜੀਆਂ ਵਿਚ ਸੁੱਟ ਦਿੱਤਾ ਸੀ | ਉਸ ਦੇ ਜਨਮ ਅਤੇ ਮੌਤ ਨੂੰ ਛੁਪਾਉਣ ਦੇ ਇਰਾਦੇ ਨਾਲ ਅਜਿਹਾ ਕਰਨ ਵਿਰੁੱਧ ਪੁਲਿਸ ਨੇ ਮਾਮਲੇ ਦਰਜ ਕੀਤਾ ਸੀ | ਅਦਾਲਤ ਨੇ ਜੋੜੇ ਨੂੰ ਭਾਰਤੀ ਦੰਡ ਸੰਹਿਤਾ 2023 ਦੀ ਧਾਰਾ 94 ਅਤੇ 3(5) ਦੇ ਤਹਿਤ ਦੋਸ਼ੀ ਪਾਇਆ | ਜਦੋਂ ਜੋੜੇ ਨੂੰ ਅਦਾਲਤ ਵਿਚ ਲਿਆਂਦਾ ਗਿਆ ਤਾਂ ਜੋੜੇ ਨੇ ਕੋਈ ਵੀ ਜਾਂਚ ਜਾਂ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣਾ ਅਪਰਾਧ ਕਬੂਲ ਕਰ ਲਿਆ | ਅਦਾਲਤ ਨੇ ਪਾਇਆ ਕਿ ਜੋੜੇ ਨੇ ਆਪਣੀ ਮਰਜ਼ੀ ਨਾਲ ਅਤੇ ਪੂਰੀ ਸਮਝ ਨਾਲ ਅਪਰਾਧ ਕਬੂਲ ਕੀਤਾ |