ਪੰਚਕੂਲਾ, 20 ਜਨਵਰੀ (ਕਪਿਲ)-ਕਰਨਾਲ ਐੱਸ. ਟੀ. ਐੱਫ. ਦੀ ਟੀਮ ਨੇ ਪੰਚਕੂਲਾ ਦੇ ਸੈਕਟਰ-7 ਤੋਂ ਇਕ ਅਤਿ-ਲੋੜੀਂਦੇ ਗੈਂਗਸਟਰ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੇ ਸਿਰ 'ਤੇ 25 ਹਜ਼ਾਰ ਰੁ. ਦਾ ਇਨਾਮ ਸੀ | ਇਹ ਗੈਂਗਸਟਰ 30 ਤੋਂ ਵੱਧ ਮਾਮਲਿਆਂ 'ਚ ਫ਼ਰਾਰ ਚੱਲ ਰਿਹਾ ਸੀ | ਐੱਸ. ਟੀ. ਐੱਫ. ਵਲੋਂ ਗੈਂਗਸਟਰ ਨੂੰ ਕਾਬੂ ਕਰਨ ਉਪਰੰਤ ਪੰਚਕੂਲਾ ਦੇ ਸੈਕਟਰ-6 ਦੇ ਜਨਰਲ ਹਸਪਤਾਲ ਤੋਂ ਉਸ ਦਾ ਮੈਡੀਕਲ ਕਰਵਾਇਆ ਗਿਆ ਅਤੇ ਫ਼ਿਰ ਉਸ ਨੂੰ ਪੰਚਕੂਲਾ ਪੁਲਿਸ ਵਲੋਂ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਨੇ ਉਸ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗੈਂਗਸਟਰ ਦਾ ਨਾਂਅ ਰਾਜਿੰਦਰ ਉਰਫ਼ ਜਿੰਦਾ ਹੈ, ਜੋ ਕਿ ਜ਼ਿਲ੍ਹਾ ਕਰਨਾਲ ਦੇ ਪਿੰਡ ਗੋਂਦਰ ਦਾ ਰਹਿਣ ਵਾਲਾ ਹੈ | ਐਸ. ਟੀ. ਐਫ. ਦੇ ਏ. ਸੀ. ਪੀ. ਅਮਨ ਕੁਮਾਰ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ 'ਜਿੰਦਾ' ਨਾਮਕ ਗੈਂਗਸਟਰ ਜ਼ੀਰਕਪੁਰ ਤੋਂ ਪੰਚਕੂਲਾ ਵਿਖੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਆਇਆ ਹੋਇਆ ਹੈ | ਇਸ ਸੂਚਨਾ ਦੇ ਆਧਾਰ 'ਤੇ ਐੱਸ. ਟੀ. ਐੱਫ. ਦੀ ਟੀਮ ਬਣਾ ਕੇ ਮੁਲਜ਼ਮ ਨੂੰ ਪੰਚਕੂਲਾ ਦੇ ਸੈਕਟਰ-7 'ਚੋਂ ਹਾਈਵੇਅ ਤੋਂ ਗਿ੍ਫ਼ਤਾਰ ਕਰ ਲਿਆ ਗਿਆ | ਐੱਸ. ਟੀ. ਐੱਫ. ਨੂੰ ਗੈਂਗਸਟਰ ਜਿੰਦਾ ਦੇ ਕਬਜ਼ੇ 'ਚੋਂ ਇਕ ਪਿਸਤੌਲ 32 ਬੋਰਡ ਅਤੇ 10 ਜਿੰਦਾ ਕਾਰਤੂਸ ਬਰਾਮਦ ਹੋਏ ਹਨ | ਜ਼ਿਕਰਯੋਗ ਹੈ ਕਿ ਗੈਂਗਸਟਰ ਰਾਜਿੰਦਰ ਉਰਫ਼ ਜਿੰਦਾ ਪਿਛਲੇ 9 ਮਹੀਨਿਆਂ ਤੋਂ ਫ਼ਰਾਰ ਚੱਲ ਰਿਹਾ ਸੀ ਅਤੇ ਇਸੇ ਅਰਸੇ ਦੌਰਾਨ ਵੀ ਉਸ ਵਲੋਂ ਕਈ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਚੁੱਕਾ ਹੈ | ਰਾਜਿੰਦਰ ਉਰਫ਼ ਜਿੰਦਾ ਨੇ ਆਪਣੇ ਹੋਰਨਾਂ ਸਾਥੀਆਂ ਨਾਲ ਮਿਲ ਕੇ ਆਪਣਾ ਖ਼ੁਦ ਦਾ ਗਰੋਹ ਬਣਾਇਆ ਹੋਇਆ ਹੈ, ਜੋ ਕਿ ਲੁੱਟ-ਖੋਹ, ਡਕੈਤੀ, ਕਤਲ, ਫਿਰੌਤੀ ਆਦਿ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਹਿੰਦਾ ਹੈ | ਗੈਂਗਸਟਰ ਜਿੰਦਾ ਦੇ ਖ਼ਿਲਾਫ਼ ਪਹਿਲਾਂ 19 ਮਾਮਲੇ ਦਰਜ ਹਨ |