ਡੇਰਾਬੱਸੀ, 20 ਜਨਵਰੀ (ਗੁਰਮੀਤ ਸਿੰਘ)-ਪੰਜਾਬ ਵਿਧਾਨ ਸਭਾ ਦੀ ਬੁੱਢਾ ਦਰਿਆ ਤੇ ਘੱਗਰ ਦਰਿਆ ਨਾਲ ਸੰਬੰਧਿਤ ਮਾਮਲਿਆਂ ਦੀ ਕਮੇਟੀ ਦੀ ਮੀਟਿੰਗ ਦੌਰਾਨ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਆਪਣੇ ਹਲਕੇ ਡੇਰਾਬੱਸੀ 'ਚ ਪੀਣ ਵਾਲੇ ਪਾਣੀ ਦੀ ਗੁਣਵੱਤਾ 'ਚ ਲਗਾਤਾਰ ਆ ਰਹੀ ਗਿਰਾਵਟ ਬਾਰੇ ਗੰਭੀਰ ਚਿੰਤਾ ਜਤਾਈ ਗਈ ਸੀ | ਉਕਤ ਮੁੱਦੇ ਨੂੰ ਧਿਆਨ 'ਚ ਰੱਖਦਿਆਂ ਵਿਧਾਇਕ ਰੰਧਾਵਾ ਦੀ ਹਾਜ਼ਰੀ 'ਚ ਨੋਡਲ ਅਫ਼ਸਰ ਤਹਿਸੀਲਦਾਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਵਾਟਰ ਸਪਲਾਈ, ਸੀਵਰੇਜ ਬੋਰਡ ਅਤੇ ਥਾਪਰ ਲੈਬੋਰਟਰੀ ਦੇ ਅਧਿਕਾਰੀਆਂ ਵਲੋਂ ਪਿੰਡ ਬਾਕਰਪੁਰ ਤੋਂ ਪੀਣ ਵਾਲੇ ਪਾਣੀ ਦੇ ਨਮੂਨੇ ਇਕੱਤਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ | ਇਸ ਮੌਕੇ ਵਿਧਾਇਕ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਾਣੀ ਦੀ ਗੁਣਵੱਤਾ ਦੀ ਜਾਂਚ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾਵੇ ਤੇ ਜੇਕਰ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਜਾਂ ਪ੍ਰਦੂਸ਼ਣ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਠੋਸ ਕਾਰਵਾਈ ਯਕੀਨੀ ਬਣਾਈ ਜਾਵੇ ਤਾਂ ਜੋ ਹਲਕਾ ਵਾਸੀਆਂ ਨੂੰ ਸਾਫ਼ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਉਪਲੱਬਧ ਕਰਵਾਇਆ ਜਾ ਸਕੇ | ਦੱਸਣਯੋਗ ਹੈ ਕਿ ਡੇਰਾਬੱਸੀ ਖੇਤਰ ਫੈਕਟਰੀਆਂ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਕਰਕੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੀ ਚਪੇਟ 'ਚ ਆ ਰਿਹਾ ਹੈ | ਇਸ ਬਿਮਾਰੀ ਕਰਕੇ ਸੈਂਕੜੇ ਘਰਾਂ 'ਚ ਸੱਥਰ ਵਿੱਛ ਚੁੱਕੇ ਹਨ, ਜਦਕਿ ਸੈਂਕੜੇ ਲੋਕ ਅੱਜ ਵੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ | ਉਂਝ ਤਾਂ ਡੇਰਾਬੱਸੀ ਦਾ ਕੋਈ ਨਦੀ-ਨਾਲਾ ਅਜਿਹਾ ਨਹੀਂ ਜਿਸ ਨੂੰ ਫੈਕਟਰੀਆਂ ਦੇ ਦੂਸ਼ਿਤ ਪਾਣੀ ਨੇ ਗੰਧਲਾ ਨਾ ਕੀਤਾ ਹੋਵੇ, ਪਰ ਡੇਰਾਬੱਸੀ 'ਚੋਂ ਨਿਕਲਦੀ ਢਾਬੀ ਵਾਲਾ ਚੋਅ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਹੋ ਚੁੱਕੀ ਹੈ, ਜਿਥੋਂ-ਜਿਥੋਂ ਇਹ ਚੋਅ ਗੁਜਰ ਰਹੀ ਹੈ, ਉਸ ਦੇ ਨਾਲ ਵਾਲੇ ਖੇਤਰ 'ਚ ਜ਼ਮੀਨ ਹੇਠ ਕਈ ਫੁੱਟ ਤੱਕ ਪਾਣੀ ਦੂਸ਼ਿਤ ਹੋ ਚੁੱਕਾ ਹੈ | ਪਿੰਡ ਈਸਾਪੁਰ ਦੇ ਕਿਸਾਨਾਂ ਦੇ ਖੇਤਾਂ 'ਚ ਲੱਗੇ ਟਿਊਬਵੈੱਲ ਵੀ ਫੇਲ੍ਹ ਹੋ ਚੁੱਕੇ ਹਨ, ਜਿਨ੍ਹਾਂ 'ਚੋਂ ਦੂਸ਼ਿਤ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਸੀ | ਹਾਲਾਂਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਆਪਣੀ ਡਿਊਟੀ ਇਮਾਨਦਾਰੀ ਨਾਲ ਨਾ ਨਿਭਾਏ ਜਾਣ ਕਰਕੇ ਡੇਰਾਬੱਸੀ ਖੇਤਰ ਕੈਂਸਰ ਦੀ ਮਾਰ ਝੱਲ ਰਿਹਾ ਹੈ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਵੀ ਸਥਿਤੀ 'ਚ ਕੋਈ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ | ਡੇਰਾਬੱਸੀ ਖੇਤਰ ਦੇ ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪਿੰਡ ਈਸਾਪੁਰ ਨੇੜੇ ਵੱਗਦਾ ਢਾਬੀ ਵਾਲਾ ਚੋਅ ਅੱਜ ਵੀ ਕਾਲੇ ਤੇ ਬਦਬੂਦਾਰ ਪਾਣੀ ਨਾਲ ਭਰਿਆ ਰਹਿੰਦਾ ਹੈ, ਜਿਸ ਦੇ ਨੇੜਿਓਾ ਸਾਹ ਰੋਕ ਕੇ ਨਿਕਲਣਾ ਪੈਂਦਾ ਹੈ |