05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਵਿਸ਼ੇਸ਼ ਸਟੋਰੀ ਦੀਵਾਲੀ ਦੇ ਤਿਉਹਾਰ ’ਤੇ ਮਿਲਾਵਟਖੋਰਾਂ ਦੀ ਚਾਂਦੀ, ਮਠਿਆਈਆਂ ਤੋਂ ਲੈ ਕੇ ਦੁੱਧ, ਪਨੀਰ ਤੇ ਖੋਏ ਤੱਕ ਮਿਲਾਵਟ ਦਾ ਖ਼ਤਰਾ

ਵਿਸ਼ੇਸ਼ ਸਟੋਰੀ ਦੀਵਾਲੀ ਦੇ ਤਿਉਹਾਰ ’ਤੇ ਮਿਲਾਵਟਖੋਰਾਂ ਦੀ ਚਾਂਦੀ, ਮਠਿਆਈਆਂ ਤੋਂ ਲੈ ਕੇ ਦੁੱਧ, ਪਨੀਰ ਤੇ ਖੋਏ ਤੱਕ ਮਿਲਾਵਟ ਦਾ ਖ਼ਤਰਾ

ਅਜੀਤ ਡੈਸਕ 05-11-2026

ਡਾ. ਤਰਲੋਚਨ ਸਿੰਘ
ਲੁਧਿਆਣਾ, 4 ਨਵੰਬਰ- ਦੀਵਾਲੀ ਦਾ ਤਿਉਹਾਰ ਜਿੱਥੇ ਖ਼ੁਸ਼ੀਆਂ, ਰੌਸ਼ਨੀਆਂ ਤੇ ਆਪਸੀ ਪਿਆਰ ਦਾ ਪ੍ਰਤੀਕ ਹੈ, ਉਥੇ ਹੀ ਇਸ ਤਿਉਹਾਰ ਦੌਰਾਨ ਮਠਿਆਈਆਂ ਤੇ ਖਾਣ-ਪੀਣ ਵਾਲੀਆਂ ਵਸਤਾਂ ਦੀ ਮੰਗ ਵਧਣ ਕਾਰਨ ਮਿਲਾਵਟਖੋਰਾਂ ਨੂੰ ਵੀ ਆਪਣਾ ਧੰਦਾ ਚਮਕਾਉਣ ਦਾ ਮੌਕਾ ਮਿਲ ਜਾਂਦਾ ਹੈ। ਹਲਵਾਈਆਂ ਦੀਆਂ ਦੁਕਾਨਾਂ ਤੋਂ ਲੈ ਕੇ ਦੁੱਧ, ਪਨੀਰ, ਖੋਆ, ਘਿਓ, ਮੱਖਣ ਤੇ ਹੋਰ ਖਾਣ-ਪੀਣ ਵਾਲੇ ਉਤਪਾਦਾਂ ਵਿਚ ਮਿਲਾਵਟ ਦਾ ਖ਼ਤਰਾ ਵਧ ਜਾਂਦਾ ਹੈ। ਮੁਨਾਫ਼ਾ ਕਮਾਉਣ ਦੀ ਅੰਨ੍ਹੀ ਦੌੜ ਵਿਚ ਕੁੱਝ ਗ਼ੈਰ ਜ਼ਿੰਮੇਵਾਰ ਕਾਰੋਬਾਰੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਦੀਵਾਲੀ ਦੇ ਦਿਨਾਂ ਵਿਚ ਬਾਜ਼ਾਰਾਂ ਵਿਚ ਲੱਡੂ, ਬਰਫ਼ੀ, ਪੇੜੇ, ਗੁਲਾਬ ਜਾਮੁਨ, ਰਸਗੁੱਲੇ, ਕਾਜੂ ਕਤਲੀ ਅਤੇ ਹੋਰ ਕਈ ਤਰਾਂ ਦੀਆਂ ਮਠਿਆਈਆਂ ਦੀ ਭਾਰੀ ਵਿੱਕਰੀ ਹੁੰਦੀ ਹੈ। ਮੰਗ ਵਧਣ ਕਾਰਨ ਕੁੱਝ ਥਾਵਾਂ ’ਤੇ ਘਟੀਆ ਗੁਣਵੱਤਾ ਵਾਲੇ ਦੁੱਧ, ਨਕਲੀ ਖੋਏ, ਮਿਲਾਵਟੀ ਪਨੀਰ ਅਤੇ ਸਸਤੇ ਤੇਲਾਂ ਦੀ ਵਰਤੋਂ ਕੀਤੇ ਜਾਣ ਦਾ ਖ਼ਤਰਾ ਰਹਿੰਦਾ ਹੈ। ਇਸ ਤੋਂ ਇਲਾਵਾ ਮਠਿਆਈਆਂ ਨੂੰ ਆਕਰਸ਼ਕ ਰੰਗ ਦੇਣ ਲਈ ਗੈਰ-ਮਨਜ਼ੂਰਸ਼ੁਦਾ ਰੰਗਾਂ ਦੀ ਵਰਤੋਂ ਅਤੇ ਪੁਰਾਣੀਆਂ ਜਾਂ ਗ਼ਲਤ ਤਰੀਕੇ ਨਾਲ ਸੰਭਾਲੀਆਂ ਵਸਤਾਂ ਵੇਚਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਮਿਲਾਵਟ ਦਾ ਖ਼ਤਰਾ ਸਿਰਫ਼ ਤਿਆਰ ਮਠਿਆਈਆਂ ਤੱਕ ਸੀਮਤ ਨਹੀਂ ਹੈ। ਦੁੱਧ ਵਿਚ ਪਾਣੀ ਜਾਂ ਹੋਰ ਗੈਰ-ਮਨਜ਼ੂਰਸ਼ੁਦਾ ਪਦਾਰਥ ਮਿਲਾਉਣ, ਨਕਲੀ ਜਾਂ ਘਟੀਆ ਪਨੀਰ ਤਿਆਰ ਕਰਨ ਅਤੇ ਖੋਏ ਵਿਚ ਸਸਤੇ ਪਦਾਰਥਾਂ ਦੀ ਵਰਤੋਂ ਕਰਨ ਨਾਲ ਖਪਤਕਾਰਾਂ ਦੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸੇ ਤਰਾਂ ਦੇਸੀ ਘਿਓ ਦੇ ਨਾਂ ’ਤੇ ਘਟੀਆ ਤੇਲਾਂ ਜਾਂ ਹੋਰ ਚਰਬੀ ਵਾਲੇ ਉਤਪਾਦ ਵੇਚਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਅਜਿਹੀਆਂ ਵਸਤਾਂ ਦੀ ਵਰਤੋਂ ਨਾਲ ਪੇਟ ਦੀਆਂ ਬਿਮਾਰੀਆਂ, ਉਲਟੀਆਂ, ਦਸਤ, ਫੂਡ ਪੋਇਜਨਿੰਗ ਅਤੇ ਪਾਚਨ ਪ੍ਰਣਾਲੀ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸਿਹਤ ਵਿਭਾਗ ਦੀ ਜ਼ਿੰਮੇਵਾਰੀ ਸਿਰਫ਼ ਨਮੂਨੇ ਭਰਨ ਤੱਕ ਸੀਮਤ ਨਹੀਂ, ਸਗੋਂ ਲੋਕਾਂ ਨੂੰ ਸੁਰੱਖਿਅਤ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣਾ ਵੀ ਹੈ। ਜਦੋਂ ਤੱਕ ਮਿਲਾਵਟਖੋਰਾਂ ਖ਼ਿਲਾਫ਼ ਮਿਸਾਲੀ ਕਾਰਵਾਈ ਨਹੀਂ ਹੋਵੇਗੀ, ਉਦੋਂ ਤੱਕ ਹਰ ਤਿਉਹਾਰ ’ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਦਾ ਖ਼ਤਰਾ ਬਣਿਆ ਰਹੇਗਾ।  ਸਿਹਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ- ਹਰ ਸਾਲ ਤਿਉਹਾਰਾਂ ਤੋਂ ਪਹਿਲਾਂ ਸਿਹਤ ਵਿਭਾਗ ਵਲੋਂ ਮਿਲਾਵਟਖੋਰੀ ਖ਼ਿਲਾਫ਼ ਮੁਹਿੰਮ ਚਲਾਉਣ, ਮਠਿਆਈਆਂ ਦੇ ਨਮੂਨੇ ਭਰਨ ਤੇ ਦੁਕਾਨਾਂ ਦੀ ਜਾਂਚ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਸਵਾਲ ਇਹ ਹੈ ਕਿ ਜੇਕਰ ਹਰ ਸਾਲ ਅਜਿਹੀਆਂ ਮੁਹਿੰਮਾਂ ਚਲਾਉਣੀਆਂ ਪੈਂਦੀਆਂ ਹਨ ਤਾਂ ਮਿਲਾਵਟਖੋਰੀ ਦਾ ਧੰਦਾ ਪੂਰੀ ਤਰਾਂ ਕਾਬੂ ਵਿਚ ਕਿਉਂ ਨਹੀਂ ਆ ਰਿਹਾ? ਇਸ ਦੇ ਕਈ ਕਾਰਨ ਹੋ ਸਕਦੇ ਹਨ। ਵਿਭਾਗ ਕੋਲ ਖਾਧ ਸੁਰੱਖਿਆ ਅਧਿਕਾਰੀਆਂ ਅਤੇ ਜਾਂਚ ਟੀਮਾਂ ਦੀ ਘਾਟ, ਬਾਜ਼ਾਰ ਦੇ ਮੁਕਾਬਲੇ ਸੀਮਤ ਨਿਗਰਾਨੀ, ਨਮੂਨਿਆਂ ਦੀ ਰਿਪੋਰਟ ਆਉਣ ਵਿਚ ਦੇਰੀ, ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਮੇਂ ਸਿਰ ਸਖ਼ਤ ਕਾਰਵਾਈ ਨਾ ਹੋਣਾ ਅਤੇ ਲਗਾਤਾਰ ਜਾਂਚ ਦੀ ਕਮੀ ਇਸ ਸਮੱਸਿਆ ਨੂੰ ਵਧਾ ਸਕਦੀ ਹੈ। ਮਿਲਾਵਟਖੋਰੀ ’ਤੇ ਨਕੇਲ ਕੱਸਣ ਲਈ ਸਿਹਤ ਵਿਭਾਗ ਨੂੰ ਸਿਰਫ਼ ਤਿਉਹਾਰਾਂ ਦੇ ਦਿਨਾਂ ਵਿਚ ਹੀ ਨਹੀਂ, ਸਗੋਂ ਪੂਰਾ ਸਾਲ ਲਗਾਤਾਰ ਜਾਂਚ ਮੁਹਿੰਮ ਚਲਾਉਣ ਦੀ ਲੋੜ ਹੈ। ਸਿਹਤ ਵਿਭਾਗ ਨੂੰ ਚਾਹੀਦਾ ਹੈ ਕਿ ਹਲਵਾਈਆਂ ਦੀਆਂ ਦੁਕਾਨਾਂ, ਡੇਅਰੀਆਂ, ਪਨੀਰ ਅਤੇ ਖੋਆ ਬਣਾਉਣ ਵਾਲੀਆਂ ਇਕਾਈਆਂ ਦੀ ਅਚਨਚੇਤ ਜਾਂਚ ਕੀਤੀ ਜਾਵੇ ਤੇ ਲੋਕਾਂ ਨੂੰ ਮਿਲਾਵਟੀ ਖਾਣ-ਪੀਣ ਵਾਲੀਆਂ ਵਸਤਾਂ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ।

 

ਪਿਛਲੀ ਖ਼ਬਰ ਕਾਮਰੇਡ ਜਰਨੈਲ ਸਿੰਘ ਕੋਟਲਾ ਦਾ ਦਿਹਾਂਤ, ਸਸਕਾਰ ਅੱਜ ਅਗਲੀ ਖ਼ਬਰ ਸਾਂਝਾ ਮੁਲਾਜ਼ਮ ਮੰਚ ਵਲੋਂ ਮੰਗਾਂ ਨੂੰ ਲੈ ਕੇ ਮੁੱਖ ਇੰਜੀਨੀਅਰ ਦਫਤਰ ਸਾਹਮਣੇ ਰੋਸ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।