ਚਾਹ ਦੀਆਂ ਚੁਸਕੀਆਂ ਹੋਈਆ ਮਹਿੰਗੀਆਂ, ਖੰਡ ਦੇ ਭਾਅ ਚੜ੍ਹੇ ਅਸਮਾਨੀ
ਲੁਧਿਆਣਾ, 19 ਅਗਸਤ (ਜਤਿੰਦਰ ਭੰਬੀ)-ਖਾਣ-ਪੀਣ ਦੀਆਂ ਵਸਤਾਂ ਵਿਚ ਆਏ ਦਿਨ ਹੋਣ ਵਾਲੇ ਵਾਧੇ ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਜਿਸ ਕਰਕੇ ਆਮ ਲੋਕਾਂ ਦੀ ਰਸੋਈ ’ਤੇ ਮਾੜਾ ਅਸਰ ਹੋਣਾ ਲਾਜ਼ਮੀ ਹੈ, ਪਿਛਲੇ ਦਿਨੀਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਹੋਏ ਵਾਧੇ ਨੇ ਪਹਿਲਾਂ ਹੀ ਮੱਧਵਰਗੀ ਪਰਿਵਾਰਾਂ ਦੇ ਬਜਟ ਨੂੰ ਵਿਗਾੜ ਕੇ ਰੱਖ ਦਿੱਤਾ ਹੈ, ਤੇ ਹੁਣ ਰੋਜ਼ਾਨਾ ਇਸਤੇਮਾਲ ਵਿਚ ਆਉਣ ਵਾਲੀ ਖੰਡ ਦੀਆਂ ਕੀਮਤਾਂ ਵਿਚ ਹੋ ਰਹੇ ਬੇਮਿਸਾਲ ਵਾਧੇ ਨੇ ਆਮ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਕਿਉਂਕਿ ਪਿਛਲੇ ਦਿਨੀਂ ਖੰਡ ਦੀਆ ਕੀਮਤਾਂ ਵਿਚ ਪਿਛਲੇ ਪੰਦਵਾੜੇ ਦੌਰਾਨ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ, ਜਿਸ ਕਰਕੇ ਚਾਹ ਦੇ ਸ਼ੌਕੀਨ ਲੋਕਾਂ ਲਈ ਚਾਹ ਦੀਆਂ ਚੁਸਕੀਆਂ ਮਹਿੰਗੀਆਂ ਹੋ ਗਈਆਂ ਹਨ। ਖੰਡ ਦੀਆਂ ਕੀਮਤਾਂ ਵਿਚ ਵਾਧੇ ਦਾ ਅਸਰ ਘਰਾਂ ਦੇ ਰਸੋਈ ਬਜਟ ਤੋਂ ਲੈ ਕੇ ਮਠਿਆਈ, ਬੇਕਰੀ, ਚਾਹ-ਕੌਫੀ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ’ਤੇ ਪੈਣ ਦੀਆਂ ਕਿਆਸ-ਆਰਾਈਆਂ ਲਗਾਈਆਂ ਜਾ ਰਹੀਆਂ ਹਨ।
ਲੁਧਿਆਣਾ, 19 ਅਗਸਤ (ਜਤਿੰਦਰ ਭੰਬੀ)-ਖਾਣ-ਪੀਣ ਦੀਆਂ ਵਸਤਾਂ ਵਿਚ ਆਏ ਦਿਨ ਹੋਣ ਵਾਲੇ ਵਾਧੇ ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਜਿਸ ਕਰਕੇ ਆਮ ਲੋਕਾਂ ਦੀ ਰਸੋਈ ’ਤੇ ਮਾੜਾ ਅਸਰ ਹੋਣਾ ਲਾਜ਼ਮੀ ਹੈ, ਪਿਛਲੇ ਦਿਨੀਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਹੋਏ ਵਾਧੇ ਨੇ ਪਹਿਲਾਂ ਹੀ ਮੱਧਵਰਗੀ ਪਰਿਵਾਰਾਂ ਦੇ ਬਜਟ ਨੂੰ ਵਿਗਾੜ ਕੇ ਰੱਖ ਦਿੱਤਾ ਹੈ, ਤੇ ਹੁਣ ਰੋਜ਼ਾਨਾ ਇਸਤੇਮਾਲ ਵਿਚ ਆਉਣ ਵਾਲੀ ਖੰਡ ਦੀਆਂ ਕੀਮਤਾਂ ਵਿਚ ਹੋ ਰਹੇ ਬੇਮਿਸਾਲ ਵਾਧੇ ਨੇ ਆਮ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਕਿਉਂਕਿ ਪਿਛਲੇ ਦਿਨੀਂ ਖੰਡ ਦੀਆ ਕੀਮਤਾਂ ਵਿਚ ਪਿਛਲੇ ਪੰਦਵਾੜੇ ਦੌਰਾਨ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ, ਜਿਸ ਕਰਕੇ ਚਾਹ ਦੇ ਸ਼ੌਕੀਨ ਲੋਕਾਂ ਲਈ ਚਾਹ ਦੀਆਂ ਚੁਸਕੀਆਂ ਮਹਿੰਗੀਆਂ ਹੋ ਗਈਆਂ ਹਨ। ਖੰਡ ਦੀਆਂ ਕੀਮਤਾਂ ਵਿਚ ਵਾਧੇ ਦਾ ਅਸਰ ਘਰਾਂ ਦੇ ਰਸੋਈ ਬਜਟ ਤੋਂ ਲੈ ਕੇ ਮਠਿਆਈ, ਬੇਕਰੀ, ਚਾਹ-ਕੌਫੀ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ’ਤੇ ਪੈਣ ਦੀਆਂ ਕਿਆਸ-ਆਰਾਈਆਂ ਲਗਾਈਆਂ ਜਾ ਰਹੀਆਂ ਹਨ। ਪਿਛਲੇ ਇਕ ਮਹੀਨੇ ਦੌਰਾਨ ਦੇਸ਼ ਵਿਚ ਖੰਡ ਦੇ ਭਾਅ ਵਿਚ ਲਗਭਗ 25 ਤੋਂ 30 ਫ਼ੀਸਦੀ ਤੱਕ ਦਾ ਵਾਧਾ ਹੋ ਗਿਆ ਹੈ। ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤਾਂ ਦੇ ਭਾਅ ’ਤੇ ਨਜ਼ਰ -ਖੰਡ ਤੋਂ ਇਲਾਵਾ ਆਮ ਘਰਾਂ ਵਿਚ ਰੋਜ਼ਾਨਾ ਵਰਤੋਂ ਵਾਲੀਆਂ ਵਸਤਾਂ ਆਟਾ, ਚੌਲ, ਦਾਲਾਂ, ਖਾਣ ਵਾਲੇ ਤੇਲ, ਦੁੱਧ, ਘਿਓ, ਸਬਜ਼ੀਆਂ ਅਤੇ ਮਸਾਲਿਆਂ ਦੇ ਭਾਅ ਨੇ ਵੀ ਪਰਿਵਾਰਾਂ ਦੇ ਮਹੀਨਾਵਾਰ ਬਜਟ ਨੂੰ ਹਿਲਾ ਕੇ ਰੱਖ ਦਿੱਤਾ, ਕਿਉਂਕਿ ਪਿਛਲੇ ਦਿਨੀਂ ਜਿੱਥੇ ਆਟੇ ਦੇ ਭਾਅ ਵਿਚ ਪ੍ਰਤੀ ਕੁਇੰਟਲ 100 ਰੁਪਏ ਵਾਧਾ ਹੋਣ ਬਾਰੇ ਦੱਸਿਆ ਜਾ ਰਿਹਾ ਹੈ, ਉਥੇ ਹੀ ਮਿਰਚ ਮਸਾਲਿਆਂ ਦੀਆਂ ਕੀਮਤਾਂ ਵੀ ਵਧ ਗਈਆਂ। ਇਸ ਸਬੰਧੀ ਇਕ ਦੁਕਾਨਦਾਰ ਸੂਰਜ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਚੌਲਾਂ ਦੀਆਂ ਕੀਮਤਾਂ ਵਿਚ ਵੀ 10 ਫ਼ੀਸਦੀ ਵਾਧਾ ਹੋ ਗਿਆ। ਉਨ੍ਹਾਂ ਦੱਸਿਆ ਕਿ ਖੰਡ ਦੀਆਂ ਕੀਮਤਾਂ ਵਿਚ ਵਾਧਾ ਹੋਣ ਨਾਲ ਖਾਣ ਪੀਣ ਦੀਆਂ ਪੈਕਿੰਗ ਵਸਤਾਂ ਦਾ ਭਾਵੇਂ ਭਾਅ ਵਿਚ ਵਾਧਾ ਤਾਂ ਨਹੀਂ ਕੀਤਾ ਜਾਂਦਾ, ਪਰ ਪੈਕਿੰਗ ਵਸਤਾਂ ਦੇ ਵਜ਼ਨ ਵਿਚ ਕਟੌਤੀ ਕਰ ਦਿੱਤੀ ਜਾਂਦੀ ਹੈ, ਜਿਸਦਾ ਅਸਰ ਵੀ ਆਮ ਜਨਤਾ ’ਤੇ ਹੀ ਪੈਂਦਾ ਹੈ। ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਮਹਿੰਗਾਈ ਸਿਖ਼ਰਾਂ ’ਤੇ-ਚੌਹਾਨ -ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਚੌਹਾਨ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਕਰਕੇ ਆਏ ਦਿਨ ਮਹਿੰਗਾਈ ਵਿਚ ਵਾਧਾ ਹੋ ਰਿਹਾ ਹੈ। ਪਿਛਲੇ ਦਿਨਾਂ ਦੌਰਾਨ ਜਿੱਥੇ ਗੈਸ ਸਿਲੰਡਰਾਂ ਦੀ ਕਿੱਲਤ ਕਾਰਨ ਚਾਹ ਦੇ ਕੱਪ ਦੀਆਂ ਕੀਮਤਾਂ ਵਿਚ ਵਾਧਾ ਹੋ ਗਿਆ ਸੀ, ਉਥੇ ਹੀ ਕਈ ਹੋਰ ਖਾਣ-ਪੀਣ ਦੀਆਂ ਵਸਤਾਂ ’ਤੇ ਵੀ ਮਹਿੰਗਾਈ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਖੰਡ ਦੀਆਂ ਵਧੀਆਂ ਕੀਮਤਾਂ ਨੇ ਇਕ ਵਾਰ ਫਿਰ ਆਮ ਲੋਕਾਂ ਨੂੰ ਝਟਕਾ ਦੇ ਕੇ ਪਿਛਲੇ ਦਿਨਾਂ ਦੀ ਯਾਦ ਤਾਜ ਕਰਵਾ ਦਿੱਤੀ।