ਇਆਲੀ/ਥਰੀਕੇ, 7 ਮਈ (ਮਨਜੀਤ ਸਿੰਘ ਦੱਗਰੀ)-ਸੂਬੇ 'ਚ ਬਦਲਾਅ ਦੇ ਨਾਂਅ 'ਤੇ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਈ ਹੈ ਕਿਉਂਕਿ ਸੂਬੇ ਦੇ ਸਿਰ ਕਰਜ਼ੇ ਦੀ ਪੰਡ ਭਾਰੀ ਕਰਨ ਤੋਂ ਇਲਾਵਾ ਇਸ ਸਰਕਾਰ ਨੇ ਸੂਬੇ ਦੇ ਵਿਕਾਸ ਲਈ ਕੋਈ ਕਾਰਜ ਨਹੀਂ ਕੀਤਾ | ਹਰ ਪਾਸੇ ਗੈਂਗਸਟਰਵਾਦ ਅਤੇ ਭਿ੍ਸ਼ਟਾਚਾਰ 'ਚ ਅਥਾਹ ਵਾਧਾ ਹੋਇਆ ਹੈ, ਅੱਜ ਸੂਬੇ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਇਸ ਲਈ ਸੂਬੇ ਦੇ ਲੋਕ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਿਆ ਦੇਖਣਾ ਚਾਹੁੰਦੇ ਹਨ ਕਿਉਂਕਿ ਸੂਬੇ ਦਾ ਵਿਕਾਸ ਸਿਰਫ਼ ਅਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਦੇ ਕਾਰਜਕਾਲ ਮੌਕੇ ਹੀ ਹੋਇਆ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ (ਸਾਬਕਾ ਜੱਜ) ਨੇ ਪਿੰਡ ਲਲਤੋਂ ਕਲਾਂ ਵਿਖੇ ਪਿੰਡ ਵਾਸੀਆਂ ਨਾਲ ਇਕ ਭਰਵੀਂ ਮੀਟਿੰਗ ਦੌਰਾਨ ਕੀਤਾ | ਇਸ ਮੌਕੇ ਪਿੰਡ ਵਾਸੀਆਂ ਵਲੋਂ ਇੰਚਾਰਜ ਸਿੰਮਕ ਅਤੇ ਸਰਕਲ ਜਥੇਦਾਰ ਰਘਬੀਰ ਸਿੰਘ ਥਰੀਕੇ ਨੂੰ ਸਨਮਾਨਿਤ ਵੀ ਕੀਤਾ ਗਿਆ | ਮੀਟਿੰਗ ਦੌਰਾਨ ਸਾਬਕਾ ਸਰਪੰਚ ਜਗਜਿੰਦਰ ਸਿੰਘ ਗਰੇਵਾਲ, ਗਗਨਦੀਪ ਸਿੰਘ ਗਰੇਵਾਲ, ਸੂਬੇਦਾਰ ਜਸਵਿੰਦਰ ਸਿੰਘ, ਪ੍ਰਧਾਨ ਕੁਲਵੰਤ ਸਿੰਘ ਗਰੇਵਾਲ, ਨੰਬਰਦਾਰ ਪਰਮਿੰਦਰ ਸਿੰਘ, ਬੰਤ ਸਿੰਘ ਖਾਲਸਾ, ਸੁਰਜੀਤ ਸਿੰਘ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਗੁਰਬਚਨ ਸਿੰਘ ਗਰੇਵਾਲ ਅਤੇ ਹੋਰ ਵਾਸੀ ਵੀ ਹਾਜ਼ਰ ਸਨ |