ਆਲਮਗੀਰ, 1 ਅਪ੍ਰੈਲ (ਜਰਨੈਲ ਸਿੰਘ ਪੱਟੀ)-ਦੁਨੀਆ ਭਰ ਵਿਚ ਕੈਂਸਰ ਦੇ ਰੋਗ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰ ਰਹੀ ਸਮਾਜ ਸੇਵੀ ਸੰਸਥਾ ਕੈਂਸਰ ਸੈਂਟਰ ਆਫ਼ ਅਮਰੀਕਾ ਦੀ ਲੁਧਿਆਣਾ ਇਕਾਈ ਵਲੋਂ ਸਥਾਨਕ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਮੁਫ਼ਤ ਕੈਂਸਰ ਚੈੱਕਅਪ ਕੈਂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਦੇ ਭਰਵੇਂ ਸਹਿਯੋਗ ਨਾਲ ਲਗਾਇਆ ਗਿਆ | ਕੈਂਪ ਦੇ ਉਦਘਾਟਨ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਨੇ ਕਿਹਾ ਕਿ ਸੰਸਥਾ ਵਲੋਂ ਦੁਨੀਆ ਭਰ ਵਿਚ ਕੈਂਸਰ ਦੇ ਰੋਗ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨਾ ਸ਼ਲਾਘਾਯੋਗ ਕਦਮ ਹੈ, ਕਿਉਂਕਿ ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਬੇਕਾਬੂ ਹੋ ਜਾਨ ਨਾਲ ਜਿੱਥੇ ਇਨਸਾਨ ਤਾਂ ਇਸ ਜਹਾਨ ਤੋਂ ਕੂਚ ਕਰ ਹੀ ਜਾਂਦਾ ਹੈ, ਨਾਲ ਹੀ ਉਸ ਵਲੋਂ ਕਮਾਈ ਗਈ ਜ਼ਿੰਦਗੀ ਭਰ ਦੀ ਜਮ੍ਹਾ ਪੂੰਜੀ ਵੀ ਖਤਮ ਹੋ ਜਾਂਦੀ ਹੈ | ਉਪਰੋਕਤ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਸੰਸਥਾ ਵਲੋਂ ਗੁਰੂ ਘਰ ਵਿਖੇ ਕੈਂਪ ਲਗਾ ਕੇ ਜਿੱਥੇ ਲੋਕਾਂ ਦੀ ਮੁਫ਼ਤ ਜਾਂਚ ਕੀਤੀ ਗਈ, ਉਥੇ ਹੀ ਕੈਂਸਰ ਦੀ ਬਿਮਾਰੀ ਪ੍ਰਤੀ ਲੋਕਾਂ ਨੂੰ ਸੁਚੇਤ ਵੀ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜੇਕਰ ਕੈਂਸਰ ਦੀ ਬਿਮਾਰੀ ਸ਼ੁਰੂਆਤੀ ਸਮੇਂ ਵਿਚ ਹੀ ਪਹਿਚਾਣ ਲਈ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ, ਜਿਸ ਦੇ ਲਈ ਸੰਸਥਾ ਵਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ | ਇਸ ਮੌਕੇ ਸੰਸਥਾ ਦੇ ਡਿਪਟੀ ਮੈਨੇਜਰ ਮਾਰਕੀਟਿੰਗ ਹਰਦੀਪ ਨਾਗੀ ਨੇ ਦੱਸਿਆ ਕਿ ਕੈਂਪ ਦੌਰਾਨ ਡਾ. ਨਵੀਨ ਕਾਂਡਾ ਕੈਂਸਰ ਸਪੈਸ਼ਲਿਸਟ ਰੈਡੀਏਸ਼ਨ ਔਨਕੋਲਜੀ, ਡਾ. ਮਿਧਿਲਾ ਬੇਬੀ ਕੈਂਸਰ ਸਪੈਸ਼ਲਿਸਟ ਮੈਡੀਕਲ ਔਨਕੋਲਜੀ ਅਤੇ ਟੀਮ ਵਲੋਂ ਮਰੀਜ਼ਾਂ ਦੀ ਜਾਂਚ ਕਰਕੇ ਦਵਾਈਆਂ ਦਿੱਤੀਆਂ ਗਈਆਂ | ਕੈਂਪ ਦੌਰਾਨ ਮੋਮੋਗ੍ਰਾਫੀ, ਗਦੂਦਾਂ, ਹੱਡੀਆਂ ਦੀ ਜਾਂਚ, (ਬੀ.ਐਮ.ਡੀ.) ਆਦਿ ਟੈੱਸਟ ਮੁਫ਼ਤ ਕੀਤੇ ਗਏ | ਕੈਂਪ ਦੌਰਾਨ ਡਾਕਟਰਾਂ ਦੀ ਟੀਮ ਨੂੰ ਐਸ.ਜੀ.ਪੀ.ਸੀ. ਮੈਂਬਰ ਜਥੇਦਾਰ ਆਲਮਗੀਰ ਨੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸੰਜੀਵ ਕੁਮਾਰ ਮਿਸ਼ਰਾ ਰਿਜਨਲ ਡਾਇਰੈਕਟਰ, ਅਦਿਤਿਆ ਸਬਰਵਾਲ ਜਨਰਲ ਮੈਨੇਜਰ, ਰਿਕਾਰਡਕੀਪਰ ਤਲਵਿੰਦਰ ਸਿੰਘ ਮੁਲਤਾਨੀ, ਅਕਾਊਾਟੈਂਟ ਅਮਨਦੀਪ ਸਿੰਘ, ਨਗਿੰਦਰ ਸਿੰਘ ਸਮੇਤ ਹੋਰ ਵੀ ਸੇਵਾਦਾਰ ਹਾਜ਼ਰ ਸਨ |