18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਲੋਕਾਂ 'ਚ ਸਿਲੰਡਰ ਅਤੇ ਪੈਟਰੋਲ ਦੀ ਕਿਲੱਤ ਨੂੰ ਲੈ ਕੇ ਘਬਰਾਹਟ, ਲੱਗੀਆਂ ਕਤਾਰਾਂ <br/>

ਅਜੀਤ ਡੈਸਕ 31-03-2026
ਲੁਧਿਆਣਾ, 30 ਮਾਰਚ (ਜਤਿੰਦਰ ਭੰਬੀ)-ਮੱਧ ਪੂਰਬ 'ਚ ਚੱਲ ਰਹੇ ਯੁੱਧ ਕਾਰਨ ਹੋਰਮੁੱਜ਼ 'ਚ ਫਸੇ ਪੈਟਰੋਲੀਅਮ ਪਦਾਰਥਾਂ ਦੇ ਜਹਾਜ਼ਾਂ ਕਰਕੇ ਦੁਨੀਆ ਭਰ ਦੀਆਂ ਨਜ਼ਰਾਂ ਉਥੋਂ ਆਉਣ ਵਾਲੇ ਤੇਲ ਭੰਡਾਰ 'ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਜਿਸ ਦਿਨ ਤੋਂ ਅਮਰੀਕਾ-ਇਜਰਾਈਲ ਅਤੇ ਈਰਾਨ ਵਿਚਾਲੇ ਯੁੱਧ ਲੱਗਿਆ ਹੈ, ਉਸ ਦਿਨ ਤੋਂ ਸੰਸਾਰ ਦੇ ਬਹੁਤੇ ਦੇਸ਼ਾਂ ਵਿਚ ਆਪਣੇ ਪੈਟਰੋਲੀਅਮ ਪਦਾਰਥਾਂ ਦੀ ਪੂਰਤੀ ਨੂੰ ਲੈ ਕੇ ਚਿੰਤਾ ਸਿਖਰਾਂ 'ਤੇ ਹੈ | ਭਾਰਤ ਜੋ ਕਿ ਪੈਟਰੋਲੀਅਮ ਪਦਾਰਥਾਂ ਦਾ ਦਰਾਮਦਕਾਰ ਦੇਸ਼ ਹੈ, ਕਿਉਂਕਿ ਵੱਡੀ ਜਨਸੰਖਿਆ ਹੋਣ ਕਰਕੇ ਪੈਟਰੋਲੀਅਮ ਪਦਾਰਥਾਂ ਦਾ ਵੱਡਾ ਖਪਤਕਾਰ ਵੀ ਹੈ | ਸਰਕਾਰ ਵਲੋਂ ਊਰਜਾ ਸਰੋਤਾਂ ਨੂੰ ਲੈ ਕੇ ਇਸ ਵਿਚ ਕੋਈ ਕਿੱਲਤ ਨਹੀਂ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ, ਜੋ ਕਿ ਲੋਕਾਂ ਨੂੰ ਹਜ਼ਮ ਨਹੀਂ ਆ ਰਹੇ, ਕਿਉਂਕਿ ਜਿਸ ਦਿਨ ਤੋਂ ਲੜਾਈ ਲੱਗੀ ਹੈ, ਉਸ ਦਿਨ ਤੋਂ ਹੀ ਗੈਸ ਏਜੰਸੀਆਂ ਵਿਚ ਖਪਤਕਾਰਾਂ ਦੀ ਭੀੜ ਘਟਣ ਦਾ ਨਾਮ ਨਹੀਂ ਲੈ ਰਹੀ ਅਤੇ ਬੁਕਿੰਗ ਨੂੰ ਲੈ ਕੇ ਵਧਾਇਆ ਜਾ ਰਿਹਾ ਸਮਾਂ ਵੀ ਲੋਕਾਂ ਵਿਚ ਘਬਰਾਹਟ ਵਧਾਉਣ ਲਈ ਬਲਦੀ 'ਤੇ ਤੇਲ ਪਾਉਣ ਦਾ ਕੰਮ ਕਰ ਰਿਹਾ ਹੈ, ਜਦਕਿ ਸਰਕਾਰ ਦੀ ਤਰਜ 'ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਇਹ ਦੁਹਾਈ ਦਿੱਤੀ ਜਾ ਰਹੀ ਹੈ ਕਿ ਗੈਸ ਅਤੇ ਤੇਲ ਦੀ ਕੋਈ ਕਿੱਲਤ ਨਹੀਂ, ਪਰ ਅਜਿਹੇ ਹਾਲਾਤਾਂ ਵਿਚ ਪ੍ਰਾਈਵੇਟ ਕੰਪਨੀ ਵਲੋਂ ਵਧਾਈਆਂ ਗਈਆਂ ਤੇਲ ਦੀਆਂ ਕੀਮਤਾਂ ਨੇ ਲੋਕਾਂ ਵਿਚ ਪਾਈ ਜਾ ਰਹੀ ਘਬਰਾਹਟ ਨੂੰ ਹੋਰ ਤੇਜ਼ ਕਰ ਦਿੱਤਾ ਹੈ, ਕਿਉਂਕਿ ਪ੍ਰਾਈਵੇਟ ਕੰਪਨੀ ਵਲੋਂ ਪੈਟਰੋਲ ਦਾ ਭਾਅ 5 ਰੁਪਏ ਅਤੇ ਡੀਜ਼ਲ ਦਾ ਭਾਅ 3 ਰੁਪਏ ਵਧਾ ਦਿੱਤਾ ਗਿਆ ਹੈ ਅਤੇ ਰਹਿੰਦੀ ਖੂੰਹਦੀ ਕਸਰ ਆਏ ਦਿਨ ਡਰਾਈ ਹੋ ਰਹੇ ਪੈਟਰੋਲ ਪੰਪਾਂ ਨੇ ਪੂਰੀ ਕਰ ਦਿੱਤੀ ਹੈ | ਜੇਕਰ ਦੇਖਿਆ ਜਾਵੇ ਤਾਂ ਸਨਅਤੀ ਸ਼ਹਿਰ ਦੇ ਪੈਟਰੋਲ ਪੰਪ ਡਰਾਈ ਹੋਣੇ ਸ਼ੁਰੂ ਹੀ ਨਹੀਂ ਹੋਏ ਬਲਕਿ ਇਨ੍ਹਾਂ ਦੀ ਗਿਣਤੀ ਵੀ ਵਧਣੀ ਸ਼ੁਰੂ ਹੋ ਗਈ ਹੈ, ਜਿਸ ਨੂੰ ਦੇਖਦੇ ਹੋਏ ਲੋਕਾਂ ਵਿਚ ਘਬਰਾਹਟ ਦਾ ਹੋਣਾ ਸੁਭਾਵਿਕ ਹੈ | ਉਸ ਦਾ ਕਾਰਨ ਭਾਵੇਂ ਕੋਈ ਵੀ ਹੋਵੇ, ਪਰ ਲੋਕ ਇਸ ਨੂੰ ਚੱਲ ਰਹੇ ਯੁੱਧ ਨਾਲ ਜੋੜ ਕੇ ਤਾਂ ਦੇਖ ਹੀ ਰਹੇ ਹਨ ਅਤੇ ਤੇਲ ਭਰਵਾਉਣ ਲਈ ਇਕ ਦੂਜੇ ਤੋਂ ਕਾਹਲੇ ਵੀ ਦਿਖਾਈ ਦੇ ਰਹੇ ਹਨ |
ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਨੇ ਸਰਕਾਰ ਦੀ ਖੋਲ੍ਹੀ ਪੋਲ-ਐਡਵੋਕੇਟ ਧਾਲੀਵਾਲ
ਸ਼ਹਿਰ ਅੰਦਰ ਪੈਟਰੋਲ ਅਤੇ ਡੀਜ਼ਲ ਦੀ ਆ ਰਹੀ ਕਿੱਲਤ ਨੂੰ ਲੈ ਕੇ ਹਲਕਾ ਸਾਹਨੇਵਾਲ ਦੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਖ਼ਾਸ ਕਰ ਕੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਮੇਂ ਸਮੇਂ 'ਤੇ ਲੋਕ ਸਭਾ ਅਤੇ ਲੋਕ ਸਭਾ ਤੋਂ ਬਾਹਰ ਵੀ ਦੇਸ਼ ਵਿਚ ਪੈਦਾ ਹੋਣ ਵਾਲੇ ਤੇਲ ਸੰਕਟ ਬਾਰੇ ਸੁਚੇਤ ਕਰਦੇ ਰਹੇ, ਪਰ ਕੇਂਦਰ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਰਕੇ ਦੇਸ਼ ਦੇ ਲੋਕਾਂ ਨੂੰ ਅੱਜ ਆਹ ਦਿਨ ਦੇਖਣੇ ਪੈ ਗਏ | ਅੱਜ ਹਾਲਾਤ ਇਹ ਪੈਦਾ ਹੋ ਗਏ ਕਿ ਦੇਸ਼ ਅਤੇ ਪੰਜਾਬ ਵਾਸੀ ਤੇਲ ਲੈਣ ਲਈ ਲੰਬੀਆਂ ਕਤਾਰਾਂ ਵਿਚ ਲੱਗੇ ਹੋਏ ਹਨ | ਐਡਵੋਕੇਟ ਧਾਲੀਵਾਲ ਨੇ ਕਿਹਾ ਕਿ ਜੇਕਰ ਹਜੇ ਵੀ ਦੋਨਾਂ ਸਰਕਾਰਾਂ ਨੇ ਇਸ ਸਥਿਤੀ ਨੂੰ ਨਜਿੱਠਣ ਲਈ ਕੋਈ ਠੋਸ ਕਦਮ ਨਾ ਚੁੱਕੇ ਤਾਂ ਐਮਰਜੈਂਸੀ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ |

ਪਿਛਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ 'ਤੇ ਨਿਕਲਣ ਵਾਲਾ ਵਿਸ਼ਾਲ ਨਗਰ ਕੀਰਤਨ ਹੋਵੇਗਾ ਆਲੌਕਿਕ-ਕਾਉਂਕੇ, ਡੰਗ <br/> ਅਗਲੀ ਖ਼ਬਰ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ 'ਚ ਵਾਤਾਵਰਨ ਸਿੱਖਿਆ ਸੰਬੰਧੀ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।