ਲੁਧਿਆਣਾ, 17 ਫਰਵਰੀ (ਜਤਿੰਦਰ ਭੰਬੀ)-ਪੀ.ਏ.ਯੂ. ਦੇ ਖੇਤੀ ਬਾਇਉਤਕਨਾਲੋਜੀ ਸਕੂਲ ਵਿਚ ਪੀ.ਐਚ.ਡੀ. ਦੀ ਖੋਜ ਕਰ ਰਹੇ ਦੋ ਵਿਦਿਆਰਥੀਆਂ ਹਰਸ਼ਵਰਧਨ ਸ਼ੁਕਲਾ ਅਤੇ ਉਦੈ ਕੁਮਾਰ ਬੀ.ਵੀ. ਨੇ ਬੀਤੇ ਦਿਨੀਂ ਕੌਮਾਂਤਰੀ ਕਾਨਫਰੰਸ ਵਿਚੋਂ ਇਨਾਮ ਜਿੱਤਣ ਦਾ ਮਾਣ ਹਾਸਲ ਕੀਤਾ | ਵਾਤਾਵਰਨ ਪੱਖੀ ਖੇਤੀ ਅਤੇ ਸਥਿਰ ਵਿਕਾਸ ਲਈ ਕਾਢਾਂ ਅਤੇ ਹੱਲ ਸਿਰਲੇਖ ਅਧੀਨ ਇਹ ਕਾਨਫਰੰਸ ਬੀਤੇ ਦਿਨੀਂ ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਰਾਸ਼ਟਰੀ ਚੌਲ ਖੋਜ ਸੰਸਥਾਨ ਫਿਲੀਪਾਈਨਜ਼ ਦੇ ਸਹਿਯੋਗ ਨਾਲ ਕਰਵਾਈ ਗਈ ਸੀ | ਇਸ ਕਾਨਫਰੰਸ ਵਿਚ ਉੱਘੇ ਵਿਗਿਆਨੀਆਂ, ਖੋਜੀਆਂ ਅਤੇ ਅਕਾਦਮਿਕ ਹਸਤੀਆਂ ਨੇ ਭਾਗ ਲੈ ਕੇ ਮੌਜੂਦਾ ਦੌਰ ਵਿਚ ਖੇਤੀ ਦੇ ਵਾਤਾਵਰਨ ਪੱਖੀ ਦਿ੍ਸ਼ ਬਾਰੇ ਵਿਚਾਰਾਂ ਕੀਤੀਆਂ | ਹਰਸ਼ਵਰਧਨ ਅਤੇ ਉਦੈ ਨੇ ਇਸ ਦੌਰਾਨ ਭੋਜਨ ਸੁਰੱਖਿਆ ਲਈ ਬਾਇਉਤਕਨਾਲੋਜੀ ਅਤੇ ਜੈਨੇਟਿਕ ਕਾਢਾਂ ਵਿਸ਼ੇ 'ਤੇ ਆਪਣੀ ਮੌਖਿਕ ਪੇਸ਼ਕਾਰੀ ਦਿੱਤੀ | ਇਸ ਦੌਰਾਨ ਉਨ੍ਹਾਂ ਨੇ ਜੈਨੇਟਿਕ ਵਿਕਾਸ ਦੀਆਂ ਨਵੀਆਂ ਵਿਧੀਆਂ, ਜੀਨ ਸੰਪਾਦਨ ਅਤੇ ਫ਼ਸਲ ਬਾਇਉਤਕਨਾਲੋਜੀ ਦੇ ਨਵੀਨ ਹੱਲਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ | ਜ਼ਿਕਰਯੋਗ ਹੈ ਕਿ ਹਰਸ਼ਵਰਧਨ ਆਪਣਾ ਖੋਜ ਕਾਰਜ ਡਾ. ਅਮਨਦੀਪ ਮਿੱਤਲ ਦੀ ਨਿਗਰਾਨੀ ਵਿਚ ਅਤੇ ਉਦੈ ਕੁਮਾਰ ਆਪਣਾ ਖੋਜ ਕਾਰਜ ਡਾ. ਯੋਗੇਸ਼ ਵਿਕਲ ਦੀ ਅਗਵਾਈ ਵਿਚ ਕਰ ਰਹੇ ਹਨ |