10ਵੀਂ, 12ਵੀਂ ਦੇ ਇਮਤਿਹਾਨਾਂ ਨਾਲ ਜ਼ਿਲੇ੍ਹ 'ਚ ਇਮਤਿਹਾਨੀ ਮਾਹੌਲ ਗਰਮਾਇਆ
ਲੁਧਿਆਣਾ, 17 ਫਰਵਰੀ (ਭੁਪਿੰਦਰ ਸਿੰਘ ਬੈਂਸ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਅਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ (ਪੀ.ਐਸ.ਈ.ਬੀ.) ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ ਹੋ ਗਈਆਂ | ਸਵੇਰੇ ਤੋਂ ਹੀ ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ ਇਮਤਿਹਾਨੀ ਮਾਹੌਲ ਗਰਮਾਇਆ ਦਿਖਾਈ ਦਿੱਤਾ | ਸੀ.ਬੀ.ਐਸ.ਈ. ਵਲੋਂ 10ਵੀਂ ਜਮਾਤ ਦਾ ਪਹਿਲਾ ਪੇਪਰ ਹਿਸਾਬ ਦਾ ਲਿਆ ਗਿਆ, ਜਦਕਿ 12ਵੀਂ ਜਮਾਤ ਵਿਚ ਬਾਇਉਟੈਕਨੌਲੋਜੀ ਅਤੇ ਇੰਟਰਪਿ੍ਨਿਊਰਸ਼ਿਪ ਦੇ ਪੇਪਰ ਹੋਏ | ਜ਼ਿਲੇ੍ਹ ਵਿਚ ਸੀ.ਬੀ.ਐਸ.ਈ. ਦੇ 31 ਪ੍ਰੀਖਿਆ ਕੇਂਦਰ ਬਣਾਏ ਗਏ ਹਨ ਅਤੇ ਕਰੀਬ 50 ਤੋਂ 60 ਹਜ਼ਾਰ ਵਿਦਿਆਰਥੀ ਇਹ ਪ੍ਰੀਖਿਆ ਦੇ ਰਹੇ ਹਨ | ਪੇਪਰ ਦਾ ਸਮਾਂ ਸਵੇਰੇ ਸਾਢੇ 10 ਵਜੇ ਤੋਂ ਡੇਢ ਵਜੇ ਤੱਕ ਰਿਹਾ | ਇਸ ਦੇ ਨਾਲ ਹੀ ਪੀ.ਐਸ.ਈ.ਬੀ. ਵਲੋਂ ਲਈਆਂ ਜਾ ਰਹੀਆਂ 8ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਵੀ ਸ਼ੁਰੂ ਹੋਇਆ | 8ਵੀਂ ਦਾ ਪਹਿਲਾ ਪੇਪਰ ਅੰਗਰੇਜ਼ੀ ਦਾ ਹੋਇਆ, ਜਦਕਿ 12ਵੀਂ ਦੀ ਸ਼ੁਰੂਆਤ ਹੋਮ ਸਾਇੰਸ ਨਾਲ ਕੀਤੀ ਗਈ | ਇਨ੍ਹਾਂ ਪ੍ਰੀਖਿਆਵਾਂ ਦਾ ਸਮਾਂ ਸਵੇਰੇ 11 ਵਜੇ ਤੋਂ 2:15 ਵਜੇ ਤੱਕ ਨਿਰਧਾਰਿਤ ਹੈ | 10ਵੀਂ ਜਮਾਤ ਦੀ ਪ੍ਰੀਖਿਆ ਮਾਰਚ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋਣਗੀਆਂ | ਜ਼ਿਲੇ੍ਹ ਵਿਚ 8ਵੀਂ, 10ਵੀਂ ਅਤੇ 12ਵੀਂ ਲਈ ਕਰੀਬ 300 ਪ੍ਰੀਖਿਆ ਕੇਂਦਰ ਬਣਾਏ ਗਏ ਹਨ | ਅੰਕੜਿਆਂ ਅਨੁਸਾਰ 8ਵੀਂ ਦੇ 43,991, 10ਵੀਂ ਦੇ 37098 ਅਤੇ 12ਵੀਂ ਦੇ 33,745 ਵਿਦਿਆਰਥੀ ਇਮਤਿਹਾਨ ਵਿਚ ਸ਼ਾਮਿਲ ਹਨ | ਇਸ ਤੋਂ ਇਲਾਵਾ 10ਵੀਂ ੳਪਨ ਦੇ 1672 ਅਤੇ 12ਵੀਂ ਦੇ 2179 ਵਿਦਿਆਰਥੀ ਵੀ ਪ੍ਰੀਖਿਆ ਦੇ ਰਹੇ ਹਨ | ਬੋਰਡ ਹਿਦਾਇਤ ਮੁਤਾਬਿਕ ਪ੍ਰੀਖਿਆ ਕੇਂਦਰਾਂ ਵਿਚ ਮੋਬਾਈਲ ਫ਼ੋਨ, ਸਮਾਰਟ ਵਾਚ ਅਤੇ ਹੋਰ ਇਲੈੱਕਟ੍ਰਾਨਿਕ ਉਪਕਰਨ ਲਿਜਾਉਣ 'ਤੇ ਪਾਬੰਦੀ ਹੈ, ਹਰ ਕੇਂਦਰ 'ਤੇ ਸੀ.ਸੀ. ਟੀਵੀ ਨਿਗਰਾਨੀ ਅਤੇ ਉਡਨ ਦਸਤੇ ਤਾਇਨਾਤ ਕੀਤੇ ਗਏ ਹਨ ਤਾਂ ਜੋ ਪ੍ਰੀਖਿਆਵਾਂ ਨਿਰਪੱਖ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋ ਸਕਣ |
ਸੀ. ਬੀ. ਐਸ. ਈ.-ਪੀ. ਐਸ. ਈ. ਬੀ. ਬੋਰਡ ਪ੍ਰੀਖਿਆਵਾਂ ਦੀ ਸ਼ੁਰੂਆਤ
ਅਜੀਤ ਡੈਸਕ
18-02-2026