ਲੁਧਿਆਣਾ, 29 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਸ਼ਾਪਕੀਪਰ ਐਸੋਸੀਏਸ਼ਨ 200 ਫੁੱਟ ਮਿਸਿੰਗ ਲਿੰਕ 2 ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਜਤਿੰਦਰਪਾਲ ਸਿੰਘ ਸਲੂਜਾ ਨੇ ਜੈਨ ਮੰਦਰ ਚੌਕ ਤੋਂ ਧਾਂਦਰਾ ਤੱਕ ਦੀ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਗੰਭੀਰ ਹੋ ਰਹੀ ਆਵਾਜਾਈ ਦੀ ਸਮੱਸਿਆ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ | ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੈਨ ਮੰਦਿਰ ਤੋਂ ਮਾਣਕਵਾਲ ਤੱਕ ਧਾਂਦਰਾ ਰੋਡ ਤੱਕ ਸੜਕ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ | ਤਕਰੀਬਨ ਇਕ ਸਾਲ ਪਹਿਲਾਂ ਬਣੀ ਸੜਕ ਵਿਚ ਫੁੱਟ-ਫੁੱਟ ਦੇ ਟੋਏ ਪੈ ਚੁੱਕੇ ਹਨ ਤੇ ਇਕ ਬਰਸਾਤ ਹੋਣ ਤੋਂ ਬਾਅਦ ਇਹ ਸਥਿਤੀ ਹੋਰ ਵੀ ਬਦਤਰ ਹੋ ਜਾਂਦੀ ਹੈ | ਸਲੂਜਾ ਨੇ ਕਿਹਾ ਕਿ ਸੜਕ ਬਹੁਤ ਤੰਗ ਹੈ ਤੇ ਇਸ ਸੜਕ 'ਤੇ ਆਲੇ-ਦੁਆਲੇ ਸੈਂਕੜੇ ਕਾਲੋਨੀਆਂ ਹੋਣ ਕਰਕੇ ਆਬਾਦੀ ਬਹੁਤ ਸੰਘਣੀ ਹੈ, ਜਿਸ ਕਰਕੇ ਸਵੇਰ ਤੇ ਸ਼ਾਮ ਦੇ ਸਮੇਂ ਅਕਸਰ ਲੰਬਾ ਜਾਮ ਲਗਾ ਰਹਿੰਦਾ ਹੈ ਤੇ ਟੋਇਆਂ ਕਰਕੇ ਹਾਲਤ ਹੋਰ ਵੀ ਖ਼ਰਾਬ ਹੋ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਤੇ ਲੋਕ ਨਿਰਮਾਣ ਵਿਭਾਗ ਨੂੰ ਕਾਫ਼ੀ ਵਾਰ ਬੇਨਤੀ ਕੀਤੀ ਹੈ, ਪਰ ਕੁੱਝ ਮਹੀਨੇ ਪਹਿਲਾਂ ਉਨ੍ਹਾਂ ਨੇ ਟੋਇਆਂ ਵਿਚ ਕੇਵਲ ਮਿੱਟੀ ਪਾ ਕੇ ਖਾਨਾਪੂਰਤੀ ਕੀਤੀ ਸੀ, ਜੋ ਕਿ ਬੀਤੇ ਦਿਨ ਹੋਈ ਇਕ ਬਰਸਾਤ ਨਾਲ ਹੀ ਰੁੜ ਗਈ ਤੇ ਹੁਣ ਸੜਕ ਘੱਟ 'ਤੇ ਟੋਏ ਜ਼ਿਆਦਾ ਨਜ਼ਰ ਆ ਰਹੇ ਹਨ | ਉਨ੍ਹਾਂ ਕਿਹਾ ਜਿਸ ਨਾਲ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ ਤੇ ਕਈ ਦਫ਼ਾ ਲੜਾਈ ਝਗੜੇ ਵੀ ਹੋ ਜਾਂਦੇ ਹਨ ਤੇ ਟ੍ਰੈਫਿਕ ਵੀ ਕੀੜੀ ਦੀ ਚਾਲ ਚੱਲਦਾ ਹੈ | ਸਲੂਜਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਸੜਕ ਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ |