ਲੁਧਿਆਣਾ, 22 ਜਨਵਰੀ (ਭੁਪਿੰਦਰ ਸਿੰਘ ਬੈਂਸ)-ਬੁੱਢਾ ਦਰਿਆ ਨੰੂ ਮੁੜ ਸੁਰਜੀਤ ਕਰਨ ਵੱਲ ਇਕ ਅਹਿਮ ਕਦਮ ਚੁੱਕਦਿਆਂ ਨਗਰ ਨਿਗਮ ਵਲੋਂ ਨਿਯੁਕਤ ਠੇਕੇਦਾਰ ਨੇ ਹੈਬੋਵਾਲ ਡੇਅਰੀ ਕੰਪਲੈਕਸ ਵਿਚ ਡੋਰ ਟੂ ਡੋਰ ਗੋਹ ਚੁੱਕਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਇਸ ਪਹਿਲ ਦਾ ਮਕਸਦ ਸੀਵਰ ਲਾਈਨਾਂ ਅਤੇ ਬੁੱਢਾ ਦਰਿਆ ਵਿਚ ਗੋਹਾ ਸੁੱਟਣ 'ਤੇ ਪੂਰੀ ਤਰ੍ਹਾਂ ਰੋਕ ਲਗਾਉਣਾ ਹੈ | ਨਗਰ ਨਿਗਮ ਦੇ ਅਧਿਕਾਰੀਆਂ ਮੁਤਾਬਿਕ ਠੇਕੇਦਾਰ ਦਾ ਸਟਾਫ਼ ਡੇਅਰੀ ਯੂਨਿਟਾਂ ਤੋਂ ਨਿਯਮਿਤ ਤੌਰ 'ਤੇ ਗੋਹਾ ਇਕੱਠਾ ਕਰ ਰਿਹਾ ਹੈ, ਜਿਸ ਨੰੂ ਨਗਰ ਨਿਗਮ ਵਲੋਂ ਨਿਰਧਾਰਿਤ ਕੀਤੀ ਗਈ ਜਗ੍ਹਾ 'ਤੇ ਸੁੱਟਿਆ ਜਾ ਰਿਹਾ ਹੈ | ਡੇਅਰੀ ਯੂਨਿਟਾਂ ਤੋਂ ਇਕੱਠੇ ਕੀਤੇ ਗੋਹੇ ਦਾ ਢੁਕਵਾਂ ਨਿਪਟਾਰਾ ਕਰਨਾ ਵੀ ਠੇਕੇਦਾਰ ਦੀ ਪੂਰੀ ਜ਼ਿੰਮੇਵਾਰੀ ਹੋਵੇਗੀ | ਇਹ ਪੋ੍ਰਜੈਕਟ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਦੀ ਅਗਵਾਈ ਹੇਠ ਲਾਗੂ ਕੀਤਾ ਗਿਆ ਹੈ ਤਾਂ ਜੋ ਇਸ ਸਮੱਸਿਆ ਦਾ ਟਿਕਾਊ ਹੱਲ ਕੱਢਿਆ ਜਾ ਸਕੇ | ਅਧਿਕਾਰੀਆਂ ਨੇ ਦੱਸਿਆ ਕਿ ਜੋ ਗੋਹਾ ਪਹਿਲਾ ਖੁੱਲੇ੍ਹ ਵਿਚ ਸੁੱਟਿਆ ਗਿਆ ਹੈ, ਉਸ ਨੰੂ ਵੀ ਖਾਸ ਟੀਮਾਂ ਵਲੋਂ ਕੁੱਝ ਦਿਨਾਂ ਦੇ ਅੰਦਰ ਸਾਫ਼ ਕਰ ਦਿੱਤਾ ਜਾਵੇਗਾ | ਇਸ ਦੇ ਨਾਲ ਹੀ ਜੇਕਰ ਕੋਈ ਗੋਹਾ ਸੁੱਟਦਾ ਫੜਿਆ ਗਿਆ ਤਾਂ ਉਸ ਦੇ ਵਿਰੱੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਵਾਰ-ਵਾਰ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ | ਨਗਰ ਨਿਗਮ ਅਧਿਕਾਰੀਆਂ ਨੇ ਸਾਰੇ ਡੇਅਰੀ ਮਾਲਕਾਂ ਨੰੂ ਅਪੀਲ ਕੀਤੀ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਸੀਵਰ ਲਾਈਨਾਂ ਜਾਂ ਬੁੱਢਾ ਦਰਿਆ ਵਿਚ ਗੋਹਾ ਸੁੱਟਣਾ ਤੁਰੰਤ ਬੰਦ ਕਰਨ | ਉਨ੍ਹਾਂ ਕਿਹਾ ਕਿ ਬੁੱਢਾ ਦਰਿਆ ਦੀ ਪੁਨਰ ਸੁਰਜੀਤੀ ਦਾ ਟੀਚਾ ਸ਼ਹਿਰ ਵਾਸੀਆਂ ਅਤੇ ਡੇਅਰੀ ਮਾਲਕਾਂ ਦੇ ਸਰਗਰਮ ਸਹਿਯੋਗ ਤੋਂ ਬਿਨਾ ਹਾਸਲ ਨਹੀਂ ਕੀਤਾ ਜਾ ਸਕਦਾ |