ਜ਼ਿਲ੍ਹੇ ਵਿਚ ਅਸਾਨੀ ਨਾਲ ਮਿਲ ਰਹੇ ਹਨ ਨਸ਼ੀਲੇ ਕੈਪਸੂਲ ਤੇ ਗੋਲੀਆਂ
ਤਰਨ ਤਾਰਨ, 14 ਅਕਤੂਬਰ (ਹਰਿੰਦਰ ਸਿੰਘ)—ਤਰਨ ਤਾਰਨ ਜ਼ਿਲ੍ਹੇ ਵਿਚ ਮੈਡੀਕਲ ਨਸ਼ਾ ਜਿਸ ਵਿਚ ਨਸ਼ੀਲੀਆਂ ਗੋਲੀਆਂ, ਨਸ਼ੀਲੇ ਕੈਪਸੂਲ ਅਤੇ ਹੋਰ ਪਦਾਰਥ ਅਸਾਨੀ ਨਾਲ ਮਿਲ ਰਹੇ ਹਨ। ਭਾਵੇਂ ਸਰਕਾਰ ਵਲੋਂ ਕਈ ਦਵਾਈਆਂ ਜਿਨ੍ਹਾਂ ਨੂੰ ਨਸ਼ੇ ਲਈ ਵਰਤਿਆਂ ਜਾਂਦਾ ਹੈ, ਦੀ ਡਾਕਟਰ ਦੀ ਪਰਚੀ ਤੋਂ ਬਿਨਾਂ ਵਿਕਰੀ ’ਤੇ ਪਾਬੰਦੀ ਲਗਾਈ ਹੋਈ ਹੈ ਪਰ ਇਹ ਦਵਾਈਆਂ ਨਸ਼ਾ ਕਰਨ ਵਾਲੇ ਵਿਅਕਤੀਆਂ ਵਲੋਂ ਨਸ਼ੇ ਲਈ ਵਰਤੀਆਂ ਜਾਂਦੀਆਂ ਹਨ ਅਤੇ ਆਮ ਹੀ ਲੋਕਾਂ ਤੱਕ ਵੇਖੀਆਂ ਜਾਂਦੀਆਂ ਹਨ।
ਤਰਨ ਤਾਰਨ, 14 ਅਕਤੂਬਰ (ਹਰਿੰਦਰ ਸਿੰਘ)—ਤਰਨ ਤਾਰਨ ਜ਼ਿਲ੍ਹੇ ਵਿਚ ਮੈਡੀਕਲ ਨਸ਼ਾ ਜਿਸ ਵਿਚ ਨਸ਼ੀਲੀਆਂ ਗੋਲੀਆਂ, ਨਸ਼ੀਲੇ ਕੈਪਸੂਲ ਅਤੇ ਹੋਰ ਪਦਾਰਥ ਅਸਾਨੀ ਨਾਲ ਮਿਲ ਰਹੇ ਹਨ। ਭਾਵੇਂ ਸਰਕਾਰ ਵਲੋਂ ਕਈ ਦਵਾਈਆਂ ਜਿਨ੍ਹਾਂ ਨੂੰ ਨਸ਼ੇ ਲਈ ਵਰਤਿਆਂ ਜਾਂਦਾ ਹੈ, ਦੀ ਡਾਕਟਰ ਦੀ ਪਰਚੀ ਤੋਂ ਬਿਨਾਂ ਵਿਕਰੀ ’ਤੇ ਪਾਬੰਦੀ ਲਗਾਈ ਹੋਈ ਹੈ ਪਰ ਇਹ ਦਵਾਈਆਂ ਨਸ਼ਾ ਕਰਨ ਵਾਲੇ ਵਿਅਕਤੀਆਂ ਵਲੋਂ ਨਸ਼ੇ ਲਈ ਵਰਤੀਆਂ ਜਾਂਦੀਆਂ ਹਨ ਅਤੇ ਆਮ ਹੀ ਲੋਕਾਂ ਤੱਕ ਵੇਖੀਆਂ ਜਾਂਦੀਆਂ ਹਨ। ਭਾਵੇਂ ਕਿ ਪੁਲਿਸ ਅਤੇ ਸਿਹਤ ਵਿਭਾਗ ਦੇ ਡਰੱਗ ਇੰਸਪੈਕਟਰ ਵਲੋਂ ਸਮੇਂ ਸਮੇਂ ’ਤੇ ਮੈਡੀਕਲ ਸਟੋਰਾਂ ਅਤੇ ਪਿੰਡਾਂ ਵਿਚ ਦੁਕਾਨਾਂ ਚਲਾ ਰਹੇ ਆਰ.ਐੱਮ.ਪੀ. ਡਾਕਟਰਾਂ ਦੀ ਛਾਪੇਮਾਰੀ ਵੀ ਕੀਤੀ ਜਾਂਦੀ ਹੈ ਪਰ ਨਸ਼ੇ ਲਈ ਵਰਤ ਰਹੇ ਇਨ੍ਹਾਂ ਕੈਪਸੂਲਾਂ ਅਤੇ ਗੋਲੀਆਂ ਦੀ ਵਿਕਰੀ ਲਗਾਤਾਰ ਜਾਰੀ ਹੈ। ਮੈਡੀਕਲ ਨਸ਼ਾ ਕਰਨ ਵਾਲੇ ਵਿਅਕਤੀ ਇਹ ਨਸ਼ੀਲੀਆਂ ਦਵਾਈਆਂ ਕਿਥੋਂ ਲੈ ਕੇ ਆਉਂਦੇ ਹਨ ਇਹ ਅਜੇ ਬੁਝਾਰਤ ਹੀ ਬਣੀ ਹੋਈ ਹੈ ਕਿਉਂਕਿ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਦੀ ਵਿਕਰੀ ਛੋਟੇ ਪੱਧਰ ’ ਤੇ ਨਹੀਂ ਬਹੁਤ ਹੀ ਵੱਡੇ ਪੱਧਰ ’ਤੇ ਹੋ ਰਹੀ ਹੈ, ਜਿਸ ਕਾਰਨ ਇਹ ਨਸ਼ੀਲੇ ਪਦਾਰਥ ਆਮ ਹੀ ਗਲੀਆਂ, ਮੁਹੱਲਿਆਂ ਵਿਚ ਮਿਲ ਜਾਂਦੇ ਹਨ। ਜੇਕਰ ਗੱਲ ਕਰੀਏ ਤਰਨ ਤਾਰਨ ਸ਼ਹਿਰ ਦੀ ਤਾਂ ਆਮ ਲੋਕਾਂ ਜੋ ਕਿ ਖੁਦ ਨਸ਼ਾ ਕਰਦੇ ਹਨ ਵਲੋਂ ਤਰਨ ਤਾਰਨ ਸ਼ਹਿਰ ਦੇ ਸਿਵਲ ਹਸਪਤਾਲ ਦੇ ਬਾਹਰ, ਰੋਹੀ ਕੰਡਾ, ਮੁਰਾਦਪੁਰਾ, ਮੁਹੱਲਾ ਨਾਨਕਸਰ, ਮੁਹੱਲਾ ਗੋਕਲਪੁਰਾ, ਮੁਹੱਲਾ ਨੂਰਦੀ, ਮੁਹੱਲਾ ਗੁਰੂ ਕਾ ਖੂਹ ਅਤੇ ਹੋਰ ਇਲਾਕਿਆਂ ਵਿਚ ਸ਼ਰੇਆਮ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਕੀਤੀ ਜਾਂਦੀ ਹੈ। ਜਿਸਦਾ ਸੇਵਨ ਕਰਕੇ ਕਈ ਨੌਜਵਾਨ ਮੌਤ ਦੇ ਮੂੰਹ ਵਿਚ ਵੀ ਜਾ ਚੁੱਕੇ ਹਨ ਅਤੇ ਕਈ ਇਸਦਾ ਸ਼ਿਕਾਰ ਹੋ ਕੇ ਮਾੜੀ ਸੰਗਤ ਵਿਚ ਪੈ ਗਏ ਹਨ। ਇਨ੍ਹਾਂ ਨਸ਼ਿਆਂ ਦਾ ਸ਼ਿਕਾਰ ਹੋਏ ਕਈ ਨੌਜਵਾਨ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਿਲ ਹੋ ਰਹੇ ਹਨ ਅਤੇ ਲੁੱਟਾਂ-ਖੋਹਾਂ, ਚੋਰੀਆਂ ਅਤੇ ਹੋਰ ਵਾਰਦਾਤਾ ਨੂੰ ਅੰਜਾਮ ਦਿੰਦੇ ਹਨ, ਜਿਸ ਕਾਰਨ ਆਏ ਦਿਨ ਜ਼ਿਲ੍ਹੇ ਵਿਚ ਅਪਰਾਧਿਕ ਘਟਨਾ ਦਾ ਸਿਲਸਿਲਾ ਲਗਾਤਾਰ ਵੱਧ ਰਿਹਾ ਹੈ ਅਤੇ ਲੋਕਾਂ ਵਿਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਥੇ ਦੱਸਣਾ ਬਣਦਾ ਹੈ ਕਿ ਜਦੋਂ ਕੋਈ ਵਿਅਕਤੀ ਨਸ਼ਾ ਤਸਕਰਾਂ ਨੂੰ ਨਸ਼ੇ ਕਰਨ ਤੋਂ ਰੋਕਦਾ ਹੈ ਤਾਂ ਉਹ ਜਾਨਲੇਵਾ ਹਮਲੇ ਦਾ ਸ਼ਿਕਾਰ ਵੀ ਹੋ ਜਾਂਦਾ ਹੈ, ਜਿਸ ਕਾਰਨ ਲੋਕ ਇਨ੍ਹਾਂ ਨੂੰ ਕੁਝ ਕਹਿਣ ਤੋਂ ਵੀ ਡਰਦੇ ਹਨ। ਜਿਸ ਦੀ ਤਾਜਾ ਘਟਨਾ ਤਰਨ ਤਾਰਨ ਦੇ ਕਸਬਾ ਗੱਗੋਬੂਹਾ ਤੋਂ ਮਿਲਦੀ ਹੈ, ਜਿਥੇ ਮੌਜੂਦਾ ਸਰਪੰਚ ਨਵਦੀਪ ਸਿੰਘ ਨਵੀ ਵਲੋਂ ਨਸ਼ਾ ਵੇਚਣ ਵਾਲਿਆਂ ਦੀ ਸ਼ਿਕਾਇਤ ਪੁਲਿਸ ਨੂੰ ਦੇਣ ਤੋਂ ਬਾਅਦ ਉਸਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਹਤਿਆਰੇ ਅੱਜ ਵੀ ਪੁਲਿਸ ਦੀ ਗਿ੍ਰਫਤ ਤੋਂ ਬਾਹਰ ਹਨ। ਇਸ ਤੋਂ ਇਲਾਵਾ ਬੀਤੇ ਦਿਨੀਂ ਜ਼ਿਲ੍ਹਾ ਮਾਨਸਾ ਵਿਖੇ ਮੈਡੀਕਲ ਸਟੋਰ ’ਤੇ ਵਿਕਦੇ ਨਸ਼ਾ ਨੂੰ ਜਦੋਂ ਪਰਮਿੰਦਰ ਸਿੰਘ ਝੋਟੇ ਨਾਮਕ ਵਿਅਕਤੀ ਵਲੋਂ ਵਿਰੋਧ ਕੀਤਾ ਗਿਆ ਤਾਂ ਮੈਡੀਕਲ ਸਟੋਰ ਮਾਲਕ ਨੇ ਗੋਲੀਆਂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ ਗਈ, ਜਿਸ ਕਾਰਨ ਪੰਜਾਬ ਭਰ ਵਿਚ ਇਸ ਘਟਨਾ ਸੰਬੰਧੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਭਾਵੇਂ ਕਿ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਅਤੇ ਨਸ਼ਾ ਬਰਾਮਦ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਮੈਡੀਕਲ ਨਸ਼ੇ ਉਪਰ ਕੰਟਰੋਲ ਕਰਨ ਵਿਚ ਅਸਮਰਥ ਦਿਖਾਈ ਦੇ ਰਹੀ ਹੈ, ਜਿਸ ਕਾਰਨ ਮੈਡੀਕਲ ਨਸ਼ਾ ਜਿਸ ਵਿਚ ਨਸ਼ੀਲੀਆਂ ਗੋਲੀਆਂ, ਨਸ਼ੀਲੇ ਕੈਪਸੂਲ ਵਿਕ ਰਹੇ ਹਨ ਅਤੇ ਨੌਜਵਾਨਾਂ ਪਾਸ ਅਸਾਨੀ ਨਾਲ ਪਹੁੰਚ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਮੈਡੀਕਲ ਨਸ਼ਾ ਨੂੰ ਸਖਤੀ ਨਾਲ ਬੰਦ ਕਰਵਾਉਣ ਲਈ ਉੱਚਿਤ ਕਦਮ ਚੁੱਕੇ ਜਾਣ ਅਤੇ ਜੋ ਵੀ ਇਨ੍ਹਾਂ ਦਾ ਸੇਵਨ ਕਰਦਾ ਜਾਂ ਵੇਚਦਾ ਹੈ, ਉਸ ਨੂੰ ਕਾਬੂ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇ ਕਿ ਇਹ ਨੌਜਵਾਨ ਮੈਡੀਕਲ ਨਸ਼ਾ ਕਿਥੋਂ ਲੈ ਕੇ ਆਉਂਦੇ ਹਨ ਤਾਂ ਜੋ ਮੈਡੀਕਲ ਨਸ਼ੇ ਦਾ ਲੱਕ ਤੋੜਿਆ ਜਾਵੇ ਅਤੇ ਨਸ਼ੇ ਦੀ ਦਲਦਲ ਵਿਚ ਧੱਸਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ।