ਤਰਨ ਤਾਰਨ, 7 ਮਈ (ਹਰਿੰਦਰ ਸਿੰਘ)ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵਲੋਂ ਆਮ ਲੋਕਾਂ, ਵਕੀਲਾਂ ਅਤੇ ਬਾਰ ਦੇ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਸੁਪਰੀਮ ਕੋਰਟ ਆਫ਼ ਇੰਡੀਆ ਵਲੋਂ 'ਸਮਾਧਾਨ ਸਮਾਰੋਹ 2026' ਕਰਵਾਇਆ ਜਾ ਰਿਹਾ ਹੈ, ਜਿਸ ਦਾ ਉਦੇਸ਼ ਭਾਰਤ ਦੀ ਸੁਪਰੀਮ ਕੋਰਟ ਵਿਚ ਲੰਬਿਤ ਝਗੜਿਆਂ ਦੇ ਭਾਗੀਦਾਰੀ ਨਿਆਂ ਅਤੇ ਸੁਹਿਰਦ ਨਿਪਟਾਰੇ ਨੂੰ ਉਤਸ਼ਾਹਿਤ ਕਰਨਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਤਰਨ ਤਾਰਨ ਕੰਵਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਪਹਿਲਕਦਮੀ ਦੇ ਤਹਿਤ ਇਹ ਪ੍ਰੋਗਰਾਮ 21 ਅਪ੍ਰੈਲ 2026 ਤੋਂ ਸ਼ੁਰੂ ਹੋਇਆ ਹੈ ਅਤੇ ਭਾਰਤ ਦੀ ਸੁਪਰੀਮ ਕੋਰਟ ਵਿਖੇ 21, 22 ਅਤੇ 23 ਅਗਸਤ 2026 ਨੂੰ ਹੋਣ ਵਾਲੀ ਸਪੈਸ਼ਲ ਲੋਕ ਅਦਾਲਤ ਦੇ ਰੂਪ ਵਿਚ ਸਮਾਪਤ ਹੋਵੇਗਾ | ਇਸ ਲੋਕ ਅਦਾਲਤ ਦਾ ਉਦੇਸ਼ ਸਹਿਮਤੀ-ਆਧਾਰਿਤ ਵਿਵਾਦ ਨਿਪਟਾਰਾ ਵਿਧੀ ਰਾਹੀਂ ਲੰਬਿਤ ਮਾਮਲਿਆਂ ਦੇ ਨਿਪਟਾਰੇ ਦੀ ਸਹੂਲਤ ਦੇਣਾ ਹੈ | ਉਨ੍ਹਾਂ ਸਾਰੇ ਸੰਬੰਧਿਤ ਵਕੀਲਾਂ ਅਤੇ ਪਾਰਟੀਆਂ ਨੂੰ ਆਪਣੇ ਕੇਸਾਂ ਦੇ ਜਲਦੀ ਅਤੇ ਸੁਹਿਰਦ ਹੱਲ ਲਈ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ ਹੈ | ਉਨ੍ਹਾਂ ਕਿਹਾ ਕਿ ਭਾਗੀਦਾਰੀ ਨਿੱਜੀ ਤੌਰ 'ਤੇ ਅਤੇ ਨਾਲ ਹੀ ਆਨਲਾਈਨ ਪਲੇਟਫਾਰਮ ਦੁਆਰਾ ਵਰਚੁਅਲ ਤੌਰ 'ਤੇ ਕੀਤੀ ਜਾ ਸਕਦੀ ਹੈ | ਇਸ ਸਪੈਸ਼ਲ ਲੋਕ ਅਦਾਲਤ ਵਿਚ ਭਾਗ ਲੈਣ ਵਾਲੀਆਂ ਧਿਰਾਂ ਨਿਰਧਾਰਤ ਗੂਗਲ ਫਾਰਮ ਨੂੰ ਭਰ ਕੇ ਆਪਣੀਆਂ ਬੇਨਤੀਆਂ ਦਰਜ ਕਰ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਗੂਗਲ ਫਾਰਮ ਜਮ੍ਹਾ ਕਰਨ ਦੀ ਆਖਰੀ ਮਿਤੀ 31 ਮਈ 2026 ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਸਹਾਇਤਾ ਜਾਂ ਹੋਰ ਜਾਣਕਾਰੀ ਲਈ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ | ਉਨ੍ਹਾਂ ਸਾਰੇ ਹਿੱਸੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਸਰਗਰਮੀ ਨਾਲ ਹਿੱਸਾ ਲੈਣ ਅਤੇ ਨਿਆਂ ਤੱਕ ਪਹੁੰਚ ਨੂੰ ਮਜ਼ਬੂਤ ਕਰਨ ਅਤੇ ਲਮਕ ਅਵਸਥਾ ਵਿਚ ਪਏ ਕੇਸਾਂ ਨੂੰ ਘਟਾਉਣ ਲਈ ਯੋਗਦਾਨ ਪਾਉਣ |