15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਅਕਾਲੀ ਦਲ ਨੇ ਬੇਅਦਬੀ ਦੀ ਆਗਿਆ ਦਿੱਤੀ ਅਤੇ ਦੋਸ਼ੀਆਂ ਨੂੰ ਬਚਾਅ ਕੇ ਰੱਖਿਆ- ਮੁੱਖ ਮੰਤਰੀ ਭਗਵੰਤ ਮਾਨ <br/>

ਅਜੀਤ ਡੈਸਕ 08-05-2026
ਤਰਨ ਤਾਰਨ/ਝਬਾਲ, 7 ਮਈ (ਹਰਿੰਦਰ ਸਿੰਘ, ਸੁਖਦੇਵ ਸਿੰਘ, ਸਰਬਜੀਤ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ੁਕਰਾਨਾ ਯਾਤਰਾ ਤਹਿਤ ਵੀਰਵਾਰ ਨੂੰ ਇਤਿਹਾਸਕ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ | ਮੁੱਖ ਮੰਤਰੀ ਭਗਵੰਤ ਮਾਨ ਦੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਨਤਸਮਤਕ ਹੋਣ ਸਮੇਂ ਝਬਾਲ ਤੋਂ ਇਲਾਵਾ ਹੋਰ ਥਾਵਾਂ 'ਤੇ ਲੋਕਾਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਅਕਾਲੀਆਂ ਦੇ ਕਾਰਜਕਾਲ ਦੌਰਾਨ 'ਬੇਅਦਬੀ' ਦੀਆਂ ਘਟਨਾਵਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਅਕਾਲੀ ਆਗੂਆਂ ਨੇ ਸਿੱਖ ਸੰਗਤ ਨੂੰ ਇਨਸਾਫ਼ ਤਾਂ ਕੀ ਦੇਣਾ ਸੀ, ਬਲਕਿ ਉਲਟਾ ਉਨ੍ਹਾਂ ਨੇ ਦੋਸ਼ੀਆਂ ਨੂੰ ਬਚਾਅ ਕੇ ਰੱਖਿਆ | ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਦੇ ਦਾਅਵਾ ਕਰਦੇ ਸਨ ਕਿ ਉਹ 25 ਸਾਲ ਪੰਜਾਬ 'ਤੇ ਰਾਜ ਕਰਨਗੇ, ਅੱਜ ਉਹ ਆਪਣੀਆਂ ਮੀਟਿੰਗਾਂ ਲਈ 25 ਲੋਕਾਂ ਨੂੰ ਵੀ ਇਕੱਠਾ ਨਹੀਂ ਕਰ ਪਾ ਰਹੇ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਕਾਲੀ ਖੁਦ ਬੇਅਦਬੀ ਦੀਆਂ ਘਟਨਾਵਾਂ ਵਿਚ ਸ਼ਾਮਿਲ ਰਹੇ ਹਨ, ਜਿਸ ਕਾਰਨ ਉਹ ਕਦੇ ਵੀ ਅਜਿਹਾ ਕਾਨੂੰਨ ਨਹੀਂ ਲਿਆਏ | ਲੋਕ, ਖਾਸ ਕਰਕੇ ਮਾਝਾ ਖੇਤਰ ਦੇ ਲੋਕ, ਉਨ੍ਹਾਂ ਨੂੰ ਬਾਬਾ ਨਾਨਕ ਦੇ ਪੈਰੋਕਾਰ ਸਮਝ ਕੇ ਵੋਟ ਦਿੰਦੇ ਰਹੇ, ਪਰ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਬਾਣੀ ਦਾ ਘੋਰ ਅਪਮਾਨ ਕੀਤਾ | ਉਨ੍ਹਾਂ ਕਿਹਾ ਕਿ ਅਕਾਲੀਆਂ ਦੀ ਸਰਕਾਰ ਵੇਲੇ ਅਜਿਹੇ ਹਾਲਾਤ ਸਨ ਕਿ ਇਸ ਸੰਬੰਧੀ ਨਾ ਤਾਂ ਕੋਈ ਢੁਕਵੀਂ ਕਾਰਵਾਈ ਕੀਤੀ ਗਈ ਅਤੇ ਨਾ ਹੀ ਕਿਸੇ ਦੋਸ਼ੀ ਦੀ ਪਛਾਣ ਕੀਤੀ ਗਈ ਅਤੇ ਪੁਲਿਸ ਸਿਰਫ਼ ਇਹ ਬਿਆਨ ਦਿੰਦੀ ਰਹੀ ਕਿ ਦੋਸ਼ੀ ਕੋਈ ਅਨਜਾਣ ਵਿਅਕਤੀ ਹਨ | ਇਸ ਕਾਨੂੰਨ ਨੂੰ ਲੈ ਕੇ ਵਿਰੋਧੀ ਧਿਰ ਦੇ ਸਟੈਂਡ 'ਤੇ ਟਿੱਪਣੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਕਦੇ ਦਾਅਵਾ ਕਰਦੇ ਸਨ ਕਿ ਉਹ 25 ਸਾਲ ਰਾਜ ਕਰਨਗੇ, ਅੱਜ ਉਨ੍ਹਾਂ ਦੇ ਨਾਲ 25 ਲੋਕ ਵੀ ਨਹੀਂ ਹਨ | ਪੂਰੀ ਦੁਨੀਆਂ ਇਨ੍ਹਾਂ ਕਾਨੂੰਨਾਂ ਤੋਂ ਖੁਸ਼ ਹੈ, ਪਰ ਸ਼੍ਰੋਮਣੀ ਕਮੇਟੀ ਨੂੰ ਚਲਾਉਣ ਵਾਲਾ ਇਕਲੌਤਾ ਪਰਿਵਾਰ ਨਾਖੁਸ਼ ਹੈ ਅਤੇ ਕਹਿ ਰਿਹਾ ਹੈ ਕਿ ਪੰਥ ਇਸ ਕਾਨੂੰਨ ਨੂੰ ਮੰਨਜ਼ੂਰ ਨਹੀਂ ਕਰਦਾ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਾਂ ਸਗੋਂ ਇਸ ਕਾਨੂੰਨ ਦੇ ਲਾਗੂ ਕਰਨ ਦਾ ਸਵਾਗਤ ਕਰਨਾ ਅਤੇ ਇਸ ਕਦਮ ਦਾ ਸਮਰਥਨ ਕਰਨਾ ਚਾਹੀਦਾ ਹੈ, ਤਾਂ ਜੋ ਕੋਈ ਵੀ ਦੁਬਾਰਾ ਅਜਿਹੇ ਘਿਨਾਉਣੇ ਅਪਰਾਧ ਕਰਨ ਦੀ ਹਿੰਮਤ ਨਾ ਕਰੇ | ਉਨ੍ਹਾਂ ਕਿਹਾ ਕਿ ਇਹ ਗੁਰੂ ਸਾਹਿਬ ਦੇ ਆਸ਼ੀਰਵਾਦ ਅਤੇ ਉਨ੍ਹਾਂ ਵਲੋਂ ਬਖ਼ਸੀ ਸਮਰੱਥਾ ਤੇ ਸੋਝੀ ਦਾ ਹੀ ਨਤੀਜਾ ਹੈ ਕਿ ਅਸੀਂ ਇਹ ਕਾਨੂੰਨ ਲਾਗੂ ਕਰਨ ਦੇ ਯੋਗ ਹੋਏ, ਜਿਸ ਦੀ ਲੋਕ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਮੈਂ ਇੱਥੇ ਸਰਵ ਸ਼ਕਤੀਮਾਨ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਇਆ ਹਾਂ, ਜਿਨ੍ਹਾਂ ਨੇ ਸਾਡੀ ਸਰਕਾਰ ਨੂੰ ਬੇਅਦਬੀ ਵਿਰੁੱਧ ਕਾਨੂੰਨ ਬਣਾਉਣ ਦੀ ਇਹ ਵੱਡੀ ਜ਼ਿੰਮੇਵਾਰੀ ਸੌਂਪੀ | ਉਨ੍ਹਾਂ ਕਿਹਾ ਕਿ ਲੋਕਾਂ ਦੁਆਰਾ ਵਰਸਾਇਆ ਗਿਆ ਅਥਾਹ ਪਿਆਰ ਇਸ ਕਾਨੂੰਨ ਲਈ ਉਨ੍ਹਾਂ ਵਲੋਂ ਲਗਾਤਾਰ ਕੀਤੀ ਅਰਦਾਸ ਤੇ ਉਨ੍ਹਾਂ ਦੇ ਕਾਨੂੰਨ ਪ੍ਰਤੀ ਸਮਰਥਨ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਕਈ ਪ੍ਰਮੁੱਖ ਵਕੀਲਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ, ਰਾਜ ਸਰਕਾਰ ਨੇ ਇਕ ਬੇਹੱਦ ਮਜ਼ਬੂਤ ਤੇ ਪ੍ਰਭਾਵਸ਼ਾਲੀ ਕਾਨੂੰਨ ਤਿਆਰ ਕੀਤਾ ਹੈ, ਜਿਸ ਨਾਲ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਦੀ ਹਿੰਮਤ ਵੀ ਨਹੀਂ ਕਰੇਗਾ | ਜੇਕਰ ਭਵਿੱਖ ਵਿਚ ਕੋਈ ਅਜਿਹਾ ਅਪਰਾਧ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਆਪਣੀ ਪੂਰੀ ਜਿੰਦਗੀ ਮਰਨ ਤੱਕ ਜੇਲ੍ਹ ਵਿਚ ਬਿਤਾਏਗਾ | ਉਨ੍ਹਾਂ ਕਿਹਾ ਕਿ ਇਹ ਕੋਈ ਮੇਰੀ ਪ੍ਰਾਪਤੀ ਨਹੀਂ, ਇਹ ਗੁਰੂ ਸਾਹਿਬ ਦਾ ਆਸ਼ੀਰਵਾਦ ਹੈ, ਜਿਨ੍ਹਾਂ ਨੇ ਇਹ ਸਭ ਸੰਭਵ ਬਣਾਇਆ ਅਤੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ | ਸਰਹੱਦੀ ਖੇਤਰਾਂ ਵਿਚ ਵਿਕਾਸ ਬਾਰੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਾਜ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਮਾਝਾ ਖੇਤਰ ਵਿਚ ਵਿਕਾਸ ਦੀ ਕੋਈ ਕਮੀ ਨਾ ਰਹੇ | ਨਵੇਂ ਸਕੂਲ ਤੇ ਹਸਪਤਾਲ ਬਣਾਏ ਜਾਣਗੇ, ਜਿੱਥੇ ਢੁਕਵਾਂ ਸਟਾਫ਼ ਹੋਵੇਗਾ | ਪਹਿਲਾਂ ਅਧਿਆਪਕ ਅਤੇ ਡਾਕਟਰ ਸਰਹੱਦੀ ਖੇਤਰਾਂ ਵਿੱਚ ਡਿਊਟੀ ਤੋਂ ਕਤਰਾਉਂਦੇ ਸਨ ਅਤੇ ਤੁਰੰਤ ਆਪਣੇ ਤਬਾਦਲੇ ਦੀ ਮੰਗ ਕਰਦੇ ਸਨ, ਪਰ ਹੁਣ ਅਜਿਹਾ ਨਹੀਂ ਹੈ | ਸੂਬਾ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਮੈਂ 2022 ਵਿਚ ਲੋਕਾਂ ਦੁਆਰਾ ਮੈਨੂੰ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾ ਰਿਹਾ ਹਾਂ ਅਤੇ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ | ਸੂਬੇ ਭਰ ਵਿਚ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਗਏ ਹਨ, ਜਿੱਥੇ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ, ਬੱਚਿਆਂ ਲਈ ਸ਼ਾਨਦਾਰ ਸਰਕਾਰੀ ਸਕੂਲ ਬਣਾਏ ਜਾ ਰਹੇ ਹਨ, 90 ਫੀਸਦੀ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ, ਸ਼ਹਿਰ ਸਾਫ਼-ਸੁਥਰੇ ਹੋ ਰਹੇ ਹਨ, ਸੀਵਰੇਜ ਸਿਸਟਮ ਅਪਗ੍ਰੇਡ ਕੀਤਾ ਜਾ ਰਿਹਾ ਹੈ, ਹਸਪਤਾਲਾਂ ਦਾ ਆਧੁਨਿਕਕਰਨ ਕੀਤਾ ਗਿਆ ਹੈ ਤੇ ਹਰ ਪਰਿਵਾਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਇਲਾਜ ਪ੍ਰਾਪਤ ਕਰ ਸਕਦਾ ਹੈ | ਕਿਸਾਨਾਂ ਲਈ ਸਮਰਥਨ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਦਿਨ ਵੇਲੇ ਮੁਫ਼ਤ ਬਿਜਲੀ ਮਿਲ ਰਹੀ ਹੈ | ਸੂਬਾ ਸਰਕਾਰ ਨੇ ਲਗਪਗ 14000 ਕਿਲੋਮੀਟਰ ਪਾਈਪਲਾਈਨਾਂ ਵਿਛਾਈਆਂ ਹਨ ਅਤੇ ਜਲ ਮਾਰਗਾਂ ਨੂੰ ਮੁੜ ਸੁਰਜੀਤ ਕੀਤਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਜਾਬ ਦਾ ਪਾਣੀ ਹਰ ਖੇਤ ਅਤੇ ਟੇਲਾਂ ਤੱਕ ਪਹੁੰਚੇ | ਇਸ ਮੌਕੇ ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਧਾਇਕ ਸਰਵਨ ਸਿੰਘ ਧੁੰਨ, ਅੰਗਦਦੀਪ ਸਿੰਘ ਸੋਹਲ, ਬਲਾਕ ਸੰਮਤੀ ਦੇ ਚੇਅਰਮੈਨ ਯੋਧਬੀਰ ਸਿੰਘ, ਸਾਬਕਾ ਪ੍ਰਧਾਨ ਭੂਪਿੰਦਰ ਸਿੰਘ ਖੇੜਾ, ਅਮਰਜੀਤ ਸਿੰਘ ਸੋਹਲ, ਹੈਰੀ ਬੁਰਜ਼, ਜਸਬੀਰ ਸਿੰਘ ਸਵਰਗਗਾਪੁਰੀ, ਜਰਨੈਲ ਸਿੰਘ ਪੰਡੋਰੀ, ਪਹਿਲਵਾਨ ਹਰਭਾਲ ਸਿੰਘ ਕੋਟ, ਲਖਵਿੰਦਰ ਕੌਰ ਮੀਰਪੁਰ, ਤਸਬੀਰ ਕੌਰ ਸਮੇਤ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਆਮ ਆਦਮੀ ਪਾਰਟੀ ਦੇ ਵੰਲਟੀਅਰ ਹਾਜ਼ਰ ਸਨ |

ਪਿਛਲੀ ਖ਼ਬਰ ਸਰਹੱਦੀ ਇਲਾਕੇ 'ਚੋਂ ਹੈਰੋਇਨ ਅਤੇ ਡਰੋਨ ਬਰਾਮਦ ਅਗਲੀ ਖ਼ਬਰ ਨਗਰ ਕੌਂਸਲ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ 'ਚ ਲੱਗੇ ਗੰਦਗੀ ਦੇ ਢੇਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।