ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਕੇਂਦਰ ਦੀ ਸੱਤਾ 'ਤੇ ਕਾਬਜ਼ ਭਾਜਪਾ ਸਰਕਾਰ ਵਲੋਂ ਮਹਿਲਾ ਰਿਜ਼ਰਵੇਸ਼ਨ ਬਿੱਲ ਦੇ ਨਾਂਅ 'ਤੇ ਸਰਾਸਰ ਝੂਠ ਬੋਲ ਕੇ ਕਾਂਗਰਸ ਪਾਰਟੀ ਦੇ ਖ਼ਿਲਾਫ਼ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਜਦਕਿ ਅਸਲੀਅਤ ਵਿਚ ਮੋਦੀ ਸਰਕਾਰ ਲੁਕਵੇਂ ਏਜੰਡਿਆਂ ਨਾਲ ਮਹਿਲਾਵਾਂ ਨੂੰ ਹੱਕ ਦੇਣ ਦੇ ਨਾਂਅ 'ਤੇ ਸਿਰਫ਼ ਰਾਜਨੀਤਿਕ ਡਰਾਮੇਬਾਜ਼ੀ ਕਰਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੰਮਿ੍ਤਸਰ ਲੋਕ ਸਭਾ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਾਂਗਰਸ ਭਵਨ ਤਰਨ ਤਾਰਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਜ਼ਿਲ੍ਹਾ ਕਾਂਗਰਸ ਕਮੇਟੀ ਤਰਨ ਤਾਰਨ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਦੀ ਅਗਵਾਈ 'ਚ ਸੋਮਵਾਰ ਨੂੰ ਕਾਂਗਰਸ ਭਵਨ ਵਿਖੇ ਅਹਿਮ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮਹਿਲਾਵਾਂ ਨੂੰ ਬਣਦਾ ਹੱਕ ਦੇਣ ਵਿਚ ਕਾਂਗਰਸ ਪਾਰਟੀ ਨੇ ਅਹਿਮ ਭੂਮਿਕਾ ਨਿਭਾਈ ਹੈ, ਕਿਉਂਕਿ ਲੋਕਲ ਬਾਡੀ ਚੋਣਾਂ, ਪੰਚਾਇਤੀ ਚੋਣਾਂ ਵਿਚ ਮਹਿਲਾਵਾਂ ਨੂੰ ਰਾਖਵਾਂਕਰਨ ਕਾਂਗਰਸ ਪਾਰਟੀ ਦੀ ਹੀ ਦੇਣ ਹੈ | ਉਨ੍ਹਾਂ ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ ਪਹਿਲਾਂ ਹੀ 2023 ਵਿਚ ਸੰਸਦ ਦੁਆਰਾ ਸਰਬਸੰਮਤੀ ਨਾਲ ਪਾਸ ਕੀਤਾ ਜਾ ਚੁੱਕਾ ਸੀ | ਜਦਕਿ ਹੁਣ ਮੋਦੀ ਸਰਕਾਰ ਵਲੋਂ ਲਿਆਂਦਾ ਇਹ ਸੰਵਿਧਾਨਕ (131ਵਾਂ ਸੋਧ) ਬਿੱਲ ਹੈ ਜੋ ਅਸਲ ਵਿਚ ਮਹਿਲਾ ਰਾਖਵੇਂਕਰਨ ਦੇ ਬਹਾਨੇ ਭਾਰਤ ਭਰ ਵਿਚ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿਚ ਸੀਮਾਬੰਦੀ ਕਰਨ ਅਤੇ ਸੀਟਾਂ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਸੀ, ਜੋ ਕਿ ਲੋਕ ਸਭਾ ਵਿਚ ਅਸਫ਼ਲ ਰਿਹਾ ਹੈ | ਕਾਂਗਰਸ ਪਾਰਟੀ ਪੂਰੇ ਭਾਰਤ ਵਿਚ ਸੰਸਦ ਅਤੇ ਵਿਧਾਨ ਸਭਾਵਾਂ ਦੀ ਮੌਜੂਦਾ ਤਾਕਤ ਦੇ ਅਨੁਸਾਰ ਮਹਿਲਾ ਰਾਖਵੇਂਕਰਨ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕਰਦੀ ਹੈ | ਪ੍ਰੰਤੂ ਅਸੀਂ ਮਹਿਲਾ ਰਾਖਵੇਂਕਰਨ ਨੂੰ ਹੱਦਬੰਦੀ ਨਾਲ ਜੋੜਨ ਅਤੇ ਲੋਕ ਸਭਾ ਸੀਟਾਂ ਦੀ ਗਿਣਤੀ ਵਧਾਉਣ ਦੀਆਂ ਕੋਸ਼ਿਸ਼ਾਂ ਦਾ ਸਖ਼ਤ ਵਿਰੋਧ ਕਰਦੇ ਹਾਂ, ਕਿਉਂਕਿ ਇਸ ਨਾਲ ਛੋਟੇ ਰਾਜਾਂ ਨੂੰ ਗੰਭੀਰ ਨੁਕਸਾਨ ਹੋਵੇਗਾ ਅਤੇ ਦੇਸ਼ ਦੇ ਸੰਘੀ ਢਾਂਚੇ ਨੂੰ ਵਿਗਾੜਿਆ ਜਾਵੇਗਾ | ਇਹ ਸਪੱਸ਼ਟ ਹੈ ਕਿ ਭਾਜਪਾ ਜਾਣਬੁੱਝ ਕੇ ਪ੍ਰਕਿਰਿਆ ਵਿਚ ਦੇਰੀ ਕਰਕੇ ਅਤੇ ਇਸ ਮੁੱਦੇ ਨੂੰ ਪ੍ਰਚਾਰ ਦੇ ਸਾਧਨ ਵਜੋਂ ਵਰਤ ਕੇ ਆਪਣੇ ਲੁਕਵੇਂ ਰਾਜਨੀਤਿਕ ਏਜੰਡੇ ਨੂੰ ਅੱਗੇ ਵਧਾ ਰਹੀ ਹੈ | ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਸੱਚਮੁੱਚ ਹੱਕ ਦੇਣ ਲਈ ਸਾਫ਼ ਨੀਤੀ ਅਤੇ ਤੁਰੰਤ ਲਾਗੂ ਕਰਨ ਦੀ ਲੋੜ ਹੈ, ਨਾ ਕਿ ਸਿਰਫ਼ ਚੋਣਾਂ ਦੇ ਸਮੇਂ ਵਾਅਦੇ ਕਰਨ ਦੀ | ਔਜਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਮਹਿਲਾਵਾਂ ਦੇ ਅਧਿਕਾਰਾਂ ਅਤੇ ਸਨਮਾਨ ਲਈ ਵਚਨਬੱਧ ਰਹੀ ਹੈ ਅਤੇ ਅੱਗੇ ਵੀ ਮਹਿਲਾ ਸਸ਼ਕਤੀਕਰਨ ਲਈ ਆਪਣੀ ਲੜਾਈ ਜਾਰੀ ਰੱਖੇਗੀ | ਇਸ ਮੌਕੇ 'ਤੇ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਕੀਤੇ ਜਾ ਰਹੇ ਇਸ ਡਰਾਮੇ ਦਾ ਪਰਦਾਫਾਸ਼ ਕਰਕੇ ਅਸਲ ਸੱਚਾਈ ਲੋਕਾਂ ਸਾਹਮਣੇ ਲਿਆਂਦੀ ਜਾ ਰਹੀ ਹੈ ਅਤੇ ਲੋਕ ਵੀ ਮੋਦੀ ਸਰਕਾਰ ਦੀਆਂ ਲੂੰਬੜ ਚਾਲਾਂ ਤੋਂ ਭਲੀਭਾਂਤ ਜਾਣੂ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਦੇ ਨਿਰਦੇਸ਼ਾਂ ਤਹਿਤ ਆਉਣ ਵਾਲੇ ਸਮੇਂ 'ਚ ਹੋਰ ਵੀ ਵੱਡੇ ਪ੍ਰੋਗਰਾਮ ਕਰਕੇ ਮੋਦੀ ਸਰਕਾਰ ਦੇ ਝੂਠ ਦਾ ਪਰਦਾਫਾਸ਼ ਕੀਤਾ ਜਾਵੇਗਾ | ਇਸ ਮੌਕੇ 'ਤੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ, ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਕਰਨਬੀਰ ਸਿੰਘ ਬੁਰਜ, ਲਖਵਿੰਦਰ ਸਿੰਘ ਲੱਕੀ ਪਾਗਲ ਸ਼ਹਿਰੀ ਪ੍ਰਧਾਨ, ਅਵਤਾਰ ਸਿੰਘ ਤਨੇਜਾ, ਡਿੰਪੀ ਮਹੰਤ, ਸੁਖਜੀਤ ਸਿੰਘ, ਬਾਊ ਬਸੰਤ ਲਾਲ, ਡਾ. ਪ੍ਰਦੀਪ ਕੁਮਾਰ ਲਿਟਲ, ਪ੍ਰਗਟ ਸਿੰਘ, ਤਰਸੇਮ ਸਿੰਘ ਮੁਰਾਦਪੁਰਾ, ਅੰਮਿ੍ਤਸ਼ੇਰ ਸਿੰਘ ਮੰਨਣ, ਅੰਮਿ੍ਤ ਭੁੱਚਰ, ਸੁਖਵਿੰਦਰ ਸਿੰਘ ਸੰਗਵਾਂ, ਹਰਜਿੰਦਰ ਸਿੰਘ ਚੰਬਲ, ਗੁਰਬਾਜ ਸਿੰਘ ਕਾਜੀਕੋਟ ਅਤੇ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ, ਵਰਕਰ ਤੇ ਅਹੁਦੇਦਾਰ ਹਾਜ਼ਰ ਸਨ |