ਪੱਟੀ, 1 ਅਪ੍ਰੈਲ (ਕੁਲਵਿੰਦਰ ਪਾਲ ਸਿੰਘ ਕਾਲੇਕੇ)-ਪੂਰੀ ਦੁਨੀਆਂ ਵਿਚ ਪਹਿਲੀ ਅਪ੍ਰੈਲ ਫੂਲ ਵਜੋਂ ਮਨਾਇਆ ਜਾਂਦਾ ਹੈ | ਜਿਸ ਵਿਚ ਹਾਸੇ-ਮਜਾਕ ਦੇ ਨਾਲ ਨਾਲ ਵਿਅੰਗਬਾਜੀ ਵੀ ਹੁੰਦੀ ਹੈ, ਪੰ੍ਰਤੂ ਲਿਟਲ ਫਲਾਵਰ ਕਿੰਡਰਗਾਰਟਨ ਸਕੂਲ ਪੱਟੀ ਵਿਚ ਇਸ ਦਿਨ ਨੂੰ ਬਿਲਕੁਲ ਹੀ ਵੱਖਰੇ ਤਰੀਕੇ ਨਾਲ ਮਨਾਇਆ ਗਿਆ, ਜਿਸ ਵਿਚ ਇਸ ਦਿਨ ਸਕੂਲ ਕੰਪਲੈਕਸ ਅਤੇ ਸਕੂਲ ਦੇ ਖੇਡ ਮੈਦਾਨ ਵਿਚ ਵੱਖ-ਵੱਖ ਕਿਸਮਾਂ ਦੇ ਸਜਾਵਟੀ, ਫਲਦਾਰ ਅਤੇ ਛਾਂਦਾਰ ਬੂਟੇ ਸਕੂਲ ਦੇ ਪਿ੍ੰਸੀਪਲ ਕਮ ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੇ ਮੈਨੇਜਿੰਗ ਡਾਇਰੈਕਟਰ ਡਾ. ਮਰਿਦੁਲਾ ਭਰਦਵਾਜ ਦੁਆਰਾ ਖੁਦ ਆਪਣੇ ਸਮੁੱਚੇ ਸਟਾਫ਼ ਮੈਂਬਰਾ ਦੇ ਨਾਲ-ਨਾਲ ਸਕੂਲ ਦੇ ਵਿਦਿਆਰਥੀਆਂ ਦੀ ਮੌਜੂਦਗੀ ਵਿਚ ਲਗਾਏ ਗਏ | ਵਿਦਿਆਰਥੀਆਂ ਦੁਆਰਾ ਇਸ ਦਿਨ ਨੂੰ ਸਮਰਪਿਤ ਲਿਆਂਦੇ ਗਏ, ਉਪਰੋਕਤ ਪੌਦਿਆਂ ਨੂੰ ਲਗਾ ਕੇ ਪਹਿਲੀ ਅਪ੍ਰੈਲ ਨੂੰ ਅਪ੍ਰੈਲ ਫੂਲ ਦੀ ਜਗ੍ਹਾ ਅਪ੍ਰੈਲ ਕੂਲ ਦਿਨ ਦੇ ਤੌਰ 'ਤੇ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਡਾ. ਮਰਿਦੁਲਾ ਭਰਦਵਾਜ ਦੀ ਸੋਚ ਨੂੰ ਸਰਾਂਹਦੇ ਹੋਏ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਆਪਣਾ ਪੂਰਨ ਯੋਗਦਾਨ ਪਾਉਣ ਦੀ ਖਾਤਰ ਆਪਣੇ ਬੱਚਿਆਂ ਨੂੰ ਇਸ ਮੁਹਿੰਮ ਵਿਚ ਵਧ ਚੜ੍ਹ ਕੇ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ | ਨਤੀਜੇ ਵਜੋਂ ਸਕੂਲ ਕੰਪਲੈਕਸ ਨੂੰ ਹਰਾ ਭਰਾ ਰੱਖਣ ਲਈ ਵੰਨ-ਸੁਵੰਨੇ ਪੌਦੇ ਲਗਾਏ | ਸੰਸਥਾ ਦੇ ਚੇਅਰਮੈਨ ਡਾ. ਰਾਜੇਸ਼ ਭਰਦਵਾਜ ਨੇ ਵੀ ਆਪਣੀ ਖੁਸ਼ੀ ਜਾਹਿਰ ਕਰਦੇ ਹੋਏ ਪਿ੍ੰਸੀਪਲ ਡਾ. ਮਰਿਦੁਲਾ ਭਾਰਦਵਾਜ ਦੀ ਸੋਚ ਨੂੰ ਸਲਾਹਿਆ ਅਤੇ ਪ੍ਰਸੰਸਾ ਕੀਤੀ | ਡਾਇਰੈਕਟਰ ਸੱਤਿਅਮ ਭਾਰਦਵਾਜ, ਸ਼ੁਭੀ ਭਰਦਵਾਜ ਨੇ ਵੀ ਇਸ ਕਾਰਜ ਉਪਰ ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਇਹ ਸੰਦੇਸ਼ ਦਿਤਾ ਕਿ ਸਾਡਾ ਸਭ ਦਾ ਇਹ ਫਰਜ ਬਣਦਾ ਹੈ ਕਿ ਆਪਣੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ | ਇਸ ਮੌਕੇ ਸਕੂਲੀ ਵਿਦਿਆਰਥੀਆਂ ਦੇ ਨਾਲ-ਨਾਲ ਸਮੁੱਚਾ ਸਟਾਫ਼ ਵੀ ਹਾਜ਼ਰ ਸੀ |